
ਵਿੰਬਲਡਨ ’ਚ ਖੇਡ ਸਕਦੇ ਹਨ ਜੋਕੋਵਿਚ, ਟੀਕਾਕਰਨ ਦੀ ਲੋੜ ਨਹੀਂ
ਨਵੀਂ ਦਿੱਲੀ, 27 ਅਪ੍ਰੈਲ : ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਕੋਵਿਡ-19 ਦਾ ਟੀਕਾ ਨਹੀਂ ਲਗਾਉਣ ਦੇ ਬਾਵਜੂਦ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਅਪਣੇ ਖ਼ਿਤਾਬ ਦਾ ਬਚਾਅ ਕਰਨ ਦਾ ਮੌਕਾ ਦਿਤਾ ਜਾਵੇਗਾ ਕਿਉਂਕਿ ਬ੍ਰਿਟੇਨ ’ਚ ਦਾਖ਼ਲ ਹੋਣ ਲਈ ਟੀਕਾਕਰਨ ਜ਼ਰੂਰੀ ਨਹੀਂ ਹੈ। ਆਲ ਇੰਗਲੈਂਡ ਕਲੱਬ ਦੇ ਮੁੱਖ ਕਾਰਜਕਾਰੀ ਸੈਲੀ ਬੋਲਟਨ ਨੇ ਇਹ ਜਾਣਕਾਰੀ ਦਿਤੀ।
ਸਰਬੀਆ ਦੇ ਰਹਿਣ ਵਾਲੇ 34 ਸਾਲਾ ਜੋਕੋਵਿਚ ਨੂੰ ਟੀਕਾਕਰਨ ਨਹੀਂ ਕਰਨ ਕਾਰਨ ਇਸ ਸਾਲ ਜਨਵਰੀ ’ਚ ਆਸਟਰੇਲੀਆ ਤੋਂ ਬਾਹਰ ਕਰ ਦਿਤਾ ਗਿਆ ਸੀ ਤੇ ਉਹ ਆਸਟਰੇਲੀਆਈ ਓਪਨ ’ਚ ਹਿੱਸਾ ਨਹੀਂ ਲੈ ਸਕੇ ਸਨ। ਵਿੰਬਲਡਨ 27 ਜੂਨ ਤੋਂ ਸ਼ੁਰੂ ਹੋਵੇਗਾ। ਜੋਕੋਵਿਚ ਆਸਟਰੇਲੀਆਈ ਓਪਨ ’ਚ ਅਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ ਤੇ 11 ਦਿਨ ਤਕ ਚਲੇ ਕਾਨੂੰਨੀ ਘਟਨਾਕ੍ਰਮ ਦੇ ਬਾਅਦ ਉਨ੍ਹਾਂ ਨੂੰ ਦੇਸ਼ ਛਡਣਾ ਪਿਆ ਸੀ।
ਉਹ ਇਸ ਤੋਂ ਬਾਅਦ ਇੰਡੀਅਨ ਵੇਲਸ ਤੇ ਮਿਆਮੀ ਓਪਨ ਜਿਹੇ ਟੂਰਨਾਮੈਂਟ ’ਚ ਵੀ ਨਹੀਂ ਖੇਡ ਸਕੇ ਸਨ ਕਿਉਂਕਿ ਕਿਸੇ ਵੀ ਅਜਿਹੇ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ ਜਿਸ ਨੇ ਟੀਕਾਕਰਨ ਨਹੀਂ ਕਰਵਾਇਆ ਹੋਵੇ। ਅਮਰੀਕੀ ਟੈਨਿਸ ਸੰਘ ਨੇ ਕਿਹਾ ਕਿ ਉਹ ਅਗੱਸਤ ਦੇ ਅੰਤ ’ਚ ਸ਼ੁਰੂ ਹੋਣ ਵਾਲੇ ਯੂ. ਐਸ. ਓਪਨ ਦੇ ਲਈ ਕੋਵਿਡ-19 ਟੀਕਾਕਰਨ ਨਾਲ ਜੁੜੇ ਸਰਕਾਰੀ ਨਿਯਮਾਂ ਦੀ ਪਾਲਣਾ ਕਰੇਗਾ। (ਏਜੰਸੀ)