
'ਸਿੱਖ ਬੁੱਕ ਕਲੱਬ ਅਮਰੀਕਾ' ਵਲੋਂ ਪਾਵਨ ਬੀੜ ਛਾਪ ਕੇ ਨਹੀਂ ਵੰਡੀ ਜਾ ਰਹੀ : ਜਾਚਕ
3 ਮਈ ਦੇ ਪੰਥਕ ਇਕੱਠ ਤੋਂ ਪਹਿਲਾਂ ਜਥੇਦਾਰ ਅਕਾਲ ਤਖ਼ਤ ਨੂੰ ਭੇਜਿਆ ਪੱਤਰ
ਕੋਟਕਪੂਰਾ, 26 ਅਪੈ੍ਰਲ (ਗੁਰਿੰਦਰ ਸਿੰਘ) : 'ਸਿੱਖ ਬੁੱਕ ਕਲੱਬ ਅਮਰੀਕਾ' ਨਾਲ ਸਬੰਧਤ ਗੁਰੂ ਗ੍ਰੰਥ ਸਾਹਿਬ ਦੀ ਕੋਈ ਅਜਿਹੀ ਵਿਵਾਦਤ ਬੀੜ, ਜਿਹੜੀ ਸੋਸ਼ਲ ਮੀਡੀਏ ਰਾਹੀਂ ਪ੍ਰਾਪਤ ਹੋ ਰਹੀ ਹੈ, ਉਹ ਹੁਣ ਕਲੱਬ ਦੀ ਐਪ 'ਤੇ ਉਪਲਬਧ ਨਹੀਂ ਹੈ | ਥਮਿੰਦਰ ਸਿੰਘ ਅਨੰਦ ਨੇ ਸੋਧ-ਸੁਧਾਈ ਵਾਲੀ ਉਸ ਬੀੜ ਦੀ ਪੀ.ਡੀ.ਐਫ਼. ਕਲੱਬ ਦੀ ਐਪ ਉਤੇ ਕਦੋਂ ਪਾਈ ਅਤੇ ਕਦੋਂ ਤੇ ਕਿਉਂ ਹਟਾਈ?, ਇਸ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਉਂ ਜਾਪਦਾ ਹੈ ਕਿ ਸੰਨ 1952 ਤੋਂ ਸ਼੍ਰੋਮਣੀ ਕਮੇਟੀ ਅਤੇ 'ਜਥੇਦਾਰ' ਦੀ ਅਗਵਾਈ 'ਚ ਕਰਵਾਏ ਖੋਜ ਕਾਰਜਾਂ ਦੇ ਚਾਨਣ 'ਚ ਕਲੱਬ ਕਿਸੇ ਪੰਥਕ ਪੱਧਰ ਦੇ ਨਿਰਣੈਜਨਕ ਫ਼ੈਸਲੇ ਦੀ ਉਡੀਕ 'ਚ ਹੈ | ਦੂਜੀ ਗੱਲ ਕਿ ਕਲੱਬ ਵਲੋਂ ਕੋਈ ਪਾਵਨ ਬੀੜ ਛਾਪ ਕੇ ਦੇਸ਼-ਵਿਦੇਸ਼ 'ਚ ਵੰਡੀ ਗਈ ਹੈ | ਅਜਿਹੀ ਖ਼ਬਰ ਬਿਲਕੁਲ ਕੋਰਾ ਝੂਠ ਹੈ, ਕਿਉਂਕਿ ਅਮਰੀਕਾ, ਕੈਨੇਡਾ ਅਤੇ ਯੂ.ਕੇ. ਆਦਿਕ ਕਿਸੇ ਵੀ ਦੇਸ਼ ਦੇ ਗੁਰਸਿੱਖ ਪ੍ਰਵਾਰ ਨੂੰ ਘਰ 'ਚ ਪ੍ਰਕਾਸ਼ ਕਰਨ ਵਾਸਤੇ ਕਲੱਬ ਪਾਸੋਂ ਬੀੜ ਪ੍ਰਾਪਤ ਨਹੀਂ ਹੋਈ |
ਆਨਰੇਰੀ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅਪਣੇ ਸਹਿਯੋਗੀ ਸੱਜਣਾਂ ਰਾਹੀਂ ਉਪਰੋਕਤ ਸੱਚ ਦੀ ਘੋਖ ਕਰਨ ਉਪਰੰਤ ਜਥੇਦਾਰ ਅਕਾਲ ਤਖ਼ਤ ਨੂੰ ਇਕ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਮੈਂ ਅਪਣੀ ਕੌਮੀ ਜ਼ਿੰਮੇਵਾਰੀ ਨਿਭਾਉਂਦਿਆਂ ਅਤੇ ਆਪ ਜੀ ਦੇ ਅਖ਼ਬਾਰ ਤੇ ਸੋਸ਼ਲ ਮੀਡੀਏ ਰਾਹੀਂ ਪ੍ਰਾਪਤ ਆਦੇਸ਼ਾਂ ਦੇ ਮੱਦੇਨਜ਼ਰ 3 ਮਈ ਦੇ ਪੰਥਕ ਇਕੱਠ ਤੋਂ ਪਹਿਲਾਂ ਪਾਵਨ ਬੀੜ ਦੀ ਵਿਵਾਦਤ ਪ੍ਰਕਾਸ਼ਨਾ ਦਾ ਸੱਚ ਤੁਹਾਡੇ ਧਿਆਨ 'ਚ ਲਿਆਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ | ਉਨ੍ਹਾਂ ਕੱੁਝ ਪੱਤਰਕਾਰਾਂ ਤੇ ਅਖ਼ਬਾਰਾਂ ਵਲੋਂ ਮਿਲੀ ਜਾਣਕਾਰੀ 'ਤੇ ਆਧਾਰਤ ਦਸਿਆ ਹੈ ਕਿ ਸਿੱਖ ਬੁੱਕ ਕਲੱਬ ਵਲੋਂ ਅਕਾਲ ਤਖ਼ਤ ਸਾਹਿਬ ਨੂੰ ਉੱਤਰ ਵਜੋਂ ਜਿਹੜਾ ਪੱਤਰ ਭੇਜਿਆ ਗਿਆ ਹੈ, ਉਸ 'ਚ ਥਮਿੰਦਰ ਸਿੰਘ ਅਨੰਦ ਨੇ ਮੰਨਿਆ ਹੈ ਕਿ ਸੋਸ਼ਲ ਮੀਡੀਏ ਰਾਹੀਂ ਵਾਇਰਲ ਹੋਈ ਬੀੜ ਦਾ ਪੂਰਾ ਮਸੌਦਾ ਉਸ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਪ੍ਰਾਪਤ ਹੋਇਆ ਹੈ | ਗਿਆਨੀ ਜਾਚਕ ਨੇ ਅੰਤ 'ਚ ਜਥੇਦਾਰ ਨੂੰ ਬੇਨਤੀ ਵੀ ਕੀਤੀ ਹੈ ਕਿ ਪੰਥਕ ਇਕੱਠ ਤੋਂ ਪਹਿਲਾਂ ਉਹ ਅਪਣੇ ਸਾਧਨਾ ਰਾਹੀਂ ਉਪਰੋਕਤ ਸੱਚ ਨੂੰ ਜਾਣਨ ਦਾ ਪੂਰਾ-ਪੂਰਾ ਯਤਨ ਕਰਨ ਤਾਕਿ ਕੋਈ ਅਜਿਹਾ ਮੰਦਭਾਗਾ ਫ਼ੈਸਲਾ ਨਾ ਹੋਵੇ, ਜਿਹੜਾ ਸਿੱਖ ਜਗਤ ਅੰਦਰਲੇ ਅਕਾਲ ਤਖ਼ਤ ਸਾਹਿਬ ਦੇ ਨਿਰਮਲ-ਭਉ ਨੂੰ ਘਟਾਉਣ ਦਾ ਕਾਰਨ ਬਣੇ |