
ਪਹਿਲਾਂ ਹੀ ਮੁੱਖ ਦੁਆਰਾ ਉੱਤੇ ਖੜ੍ਹੇ ਕਈ ਸੇਵਾਦਾਰਾਂ ਦੇ ਰੁਖੇ ਵਤੀਰੇ ਬਾਰੇ ਲਗਾਤਾਰ ਸਰਧਾਲੂਆਂ ਵੱਲੋਂ ਸ਼ਕਾਇਤਾਂ ਆਉਂਦੀਆਂ ਰਹਿੰਦੀਆਂ ਹਨ।
ਚੰਡੀਗੜ੍ਹ: ਸੁਰੱਖਿਆ ਦੇ ਨਾਮ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮੁੱਖ ਦੁਆਰਾ ਉੱਤੇ ਸਕੈਨਿੰਗ ਮਸ਼ੀਨਾਂ ਲਾਉਣਾ ਸਿੱਖੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਦਾ ਵਿਰੋਧ ਕਰਨਾ ਅਤੇ ਰੂਹਾਨੀਅਤ ਦੇ ਮਹਾਨ ਕੇਂਦਰ ਨੂੰ ਛੋਟਾ ਕਰਨਾ ਹੈ। ਗੁਰੂ ਦੀ ਬਖਸ਼ੀਸ ਪ੍ਰਾਪਤ ਕਰਨ ਆਏ ਸ਼ਰਧਾਲੂਆਂ ਨੂੰ ਸਕੈਨਿੰਗ ਮਸ਼ੀਨਾਂ ਵਿੱਚੋਂ ਦੀ ਲੰਘਾਉਣਾ ਉਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਹੈ। ਪਹਿਲਾਂ ਹੀ ਮੁੱਖ ਦੁਆਰਾ ਉੱਤੇ ਖੜ੍ਹੇ ਕਈ ਸੇਵਾਦਾਰਾਂ ਦੇ ਰੁਖੇ ਵਤੀਰੇ ਬਾਰੇ ਲਗਾਤਾਰ ਸਰਧਾਲੂਆਂ ਵੱਲੋਂ ਸ਼ਕਾਇਤਾਂ ਆਉਂਦੀਆਂ ਰਹਿੰਦੀਆਂ ਹਨ।
PHOTO
ਹੈਰਾਨੀ ਦੀ ਗੱਲ ਹੈ ਕਿ ਅਰਜੈਕਟੀਵ ਕਮੇਟੀ ਨੇ ਕੱਲ ਦੀ ਮੀਟਿੰਗ ਵਿੱਚ ਪੀਟੀਸੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਣ ਕਰਨ ਦੀ ਅਜਾਰੇਦਾਰੀ ਉੱਤੇ ਸਿੱਖ ਸੰਗਤ ਵੱਲੋਂ ਉਠਾਏ ਵਿਰੋਧ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਅਕਾਲ ਤਖ਼ਤ ਦੇ ਜਥੇਦਾਰ ਨੇ 8 ਅਪ੍ਰੈਲ 2022 ਨੂੰ ਐਲਾਨ ਕੀਤਾ ਸੀ ਕਿ ਹਫ਼ਤੇ ਦੇ ਅੰਦਰ ਕਮੇਟੀ ਆਪਣਾ ਵੈੱਬ ਸਾਈਟ ਤਿਆਰ ਕਰਕੇ ਖ਼ੁਦ ਕਮੇਟੀ ਗੁਰਬਾਣੀ ਪ੍ਰਸਾਰਣ ਕਰਨਾ ਸ਼ੁਰੂ ਕਰੇਗਾ। ਕਮੇਟੀ ਵੱਲੋਂ ਜਥੇਦਾਰ ਦੇ ਐਲਾਨ ਉੱਤੇ ਅਮਲ ਨਾ ਕਰਨ ਵਿਰੁੱਧ ਅੱਠ ਕਮੇਟੀ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਹੀ ਅਕਾਲ ਤਖ਼ਤ ਉੱਤੇ ਯਾਦ ਪੱਤਰ ਦਿੱਤਾ ਹੈ।
ਦਰਅਸਲ, ਸਕੈਨਿੰਗ ਮਸ਼ੀਨਾਂ ਲਾਉਣ ਦਾ ਫੈਸਲਾਂ ਕੇਂਦਰੀ ਹਿੰਦੂਤਵੀ ਸਰਕਾਰਾਂ ਦੇ ਇਸ਼ਾਰੇ ਉੱਤੇ ਲਏ ਪਹਿਲੇ ਫੈਸਲਿਆਂ ਦੀ ਲੜੀ ਵਿੱਚ ਹੈ। ਜਿਵੇਂ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਗਲਿਆਰਾ ਬਣਾਉਣਾ, ਦਰਬਾਰ ਸਾਹਿਬ ਦੇ ਅੰਦਰ ਸੁਹਿਰਦ ਸਿੱਖਾਂ ਵੱਲੋਂ ਧਾਰਮਿਕ ਮਸਲੇ ਉਠਾਉਣ ਤੋਂ ਰੋਕਣ ਲਈ ਹਥਿਆਰਬੰਦ ਸਾਬਕਾ ਸਿੱਖ ਫੌਜੀਆਂ ਦੀ ਟਾਸਕ ਫੋਰਸ ਬਣਾਉਣਾ ਅਤੇ ਪਰਿਕਰਮਾ ਅੰਦਰਲੇ ਕਮਰਿਆਂ ਦੇ ਦਰਵਾਜੇ ਉਤਾਰ ਦੇਣਾ ਆਦਿ।
ਸਕੈਨਿੰਗ ਮਸ਼ੀਨਾਂ ਵਿੱਚੋ ਲੰਘਾਉਣ ਮਤਲਬ ਦਰਬਾਰ ਸਾਹਿਬ ਵਿੱਚ ਦਾਖਲ ਹੋ ਰਹੇ ਸਾਰੇ ਸ਼ਰਧਾਲੂਆਂ ਉੱਤੇ ਸ਼ੱਕ ਕਰਨਾ, ਉਹਨਾਂ ਨੂੰ ਆਉਣ ਤੋਂ ਨਿਰਉਤਸਾਹਿਤ ਕਰਨਾ ਹੈ। ਪਹਿਲਾਂ ਹੀ, ਸਿੱਖਾਂ ਦੀਆਂ ਅਗਲੀਆਂ ਨੌਜਵਾਨ ਪੀੜੀਆਂ ਸਿੱਖੀ ਤੋਂ ਦੂਰ ਹੋ ਰਹੀਆਂ ਹਨ। ਯਾਦ ਰਹੇ, ਕੁਝ ਸਾਲ ਪਹਿਲਾਂ ਸੁਰੱਖਿਆ ਦਸਤੇ, ਸਿੱਖਾਂ ਦੀ ਤਲਾਸੀ ਲੈ ਕੇ ਅੰਦਰ ਜਾਣ ਦਿੰਦੇ ਸਨ ਜਿਸਦਾ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਨੇ ਪੂਰਾ ਵਿਰੋਧ ਕੀਤਾ ਸੀ। ਸਕੈਨਿੰਗ ਮਸ਼ੀਨਾਂ ਅੱਜ ਕੱਲ ਦੀ ਉਸੀ ਤਰਜ਼ ਦੀ ਮਜ਼ਬੂਤ ਘੇਰਾਬੰਦੀ ਹੈ ਜਿਸ ਤਰ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਰਾਇਣ ਦਾਸ ਨੇ ਸਿੱਖਾਂ ਨੂੰ 1920 ਵਿੱਚ ਅੰਦਰ ਜਾਣ ਤੋਂ ਰੋਕਣ ਲਈ ਵੱਡੀ ਚਾਰਦਵਾਰੀ/ਦਰਬਾਜ਼ੇ ਖੜ੍ਹੇ ਕੀਤੇ ਸਨ। ਇਓ ਮਹੰਤ ਨੇ ਖੁਲ਼੍ਹੇ ਦਰਸ਼ਨ ਦੀਦਾਰੇ ਉੱਤੇ ਪਾਬੰਦੀ ਲਾ ਦਿੱਤੀ ਸੀ।
ਸਿੰਘ ਸਭਾ, ਪੰਥ ਨੂੰ ਅਪੀਲ ਕਰਦੀ ਹੈ ਕਿ ਕਮੇਟੀ ਨੂੰ ਸਕੈਨਿੰਗ ਮਸ਼ੀਨਾਂ ਲਾਉਣ ਤੋਂ ਰੋਕਿਆ ਜਾਵੇ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093