
ਪਾਕਿਸਤਾਨ : ਬਿਲਾਵਲ ਭੁੱਟੋ ਨੇ ਨਵੇਂ ਵਿਦੇਸ਼ ਮੰਤਰੀ ਵਜੋਂ ਚੁਕੀ
ਇਸਲਾਮਾਬਾਦ, 27 ਅਪ੍ਰੈਲ : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁਕੀ। ਦੇਸ਼ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਰਾਸ਼ਟਰਪਤੀ ਭਵਨ ਵਿਚ ਇਕ ਸਾਦੇ ਸਮਾਗਮ ਵਿਚ 33 ਸਾਲਾ ਬਿਲਾਵਲ ਨੂੰ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਮੌਜੂਦ ਸਨ। ਆਸੀਫ਼ਾ ਨੇ ਅਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਸੱਭ ਤੋਂ ਘੱਟ ਉਮਰ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਵਧਾਈਆਂ। ਕੰਮ ਮੁਸ਼ਕਲ ਹੈ ਅਤੇ ਪਿਛਲੀ ਸਰਕਾਰ ਨੇ ਸਾਡੇ ਅੰਤਰਰਾਸ਼ਟਰੀ ਮਾਣ ਨੂੰ ਠੇਸ ਪਹੁੰਚਾਈ ਹੈ ਪਰ ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਸਾਡੇ ਦੇਸ਼, ਪਾਰਟੀ ਅਤੇ ਪਰਵਾਰ ਦਾ ਮਾਣ ਵਧਾਉਗੇ।
ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੀ ਕੈਬਨਿਟ ਵਿਚ ਬਿਲਾਵਲ ਭੁੱਟੋ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਮਿਲਣ ਦੀਆਂ ਅਟਕਲਾਂ ਪਹਿਲਾਂ ਤੋਂ ਹੀ ਸਨ। ਇਹ ਅਟਕਲਾਂ ਉਦੋਂ ਹੋਰ ਤੇਜ਼ ਹੋ ਗਈਆਂ ਜਦੋਂ ਬਿਲਾਵਲ ਨਵਾਜ਼ ਸ਼ਰੀਫ ਨੂੰ ਮਿਲਣ ਲੰਡਨ ਗਏ। ਜ਼ਿਕਰਯੋਗ ਹੈ ਕਿ ਕਰੀਬ ਇਕ ਹਫ਼ਤਾ ਪਹਿਲਾਂ ਬਿਲਾਵਲ ਨੇ ਲੰਡਨ ’ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਦੋਹਾਂ ਨੇ ਪਾਕਿਸਤਾਨ ਦੀ ਸਿਆਸੀ ਸਥਿਤੀ ’ਤੇ ਚਰਚਾ ਕੀਤੀ ਅਤੇ ਰਾਜਨੀਤੀ ਅਤੇ ਰਾਸ਼ਟਰੀ ਹਿੱਤ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। (ਏਜੰਸੀ)