
7 ਮਹੀਨਿਆਂ ਦੀ ਗਰਭਵਤੀ ਮਾਰੀਆ ਪਤੀ ਅਤੇ ਸਹੁਰੇ ਪਰਿਵਾਰ ਸਮੇਤ ਵਿਛੋੜੇ ਦੇ ਖੌਫ ਦੇ ਸਾਏ ਹੇਠ ਹੋਏ ਰੂਪੋਸ਼
ਕਾਹਨੂੰਵਾਨ : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਮਾਰੂ ਅਸਰ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਉਹਨਾਂ ਵਿਆਹੇ ਹੋਏ ਜੋੜਿਆ ਉੱਤੇ ਵੀ ਹੋ ਰਿਹਾ ਹੈ ਜਿਨਾਂ ਵਿੱਚ ਲੜਕੀਆਂ ਦੇ ਪੇਕੇ ਪਿੰਡ ਭਾਰਤ ਵਿੱਚ ਹਨ ਜਾਂ ਫਿਰ ਪਾਕਿਸਤਾਨ ਵਿੱਚ ਹਨ। ਭਾਰਤ ਸਰਕਾਰ ਵੱਲੋਂ ਪੰਜਾਬ ਅਤੇ ਭਾਰਤ ਵਿੱਚ ਵਿਆਹੀਆਂ ਪਾਕਿਸਤਾਨ ਦੀਆਂ ਕੁੜੀਆਂ ਅਤੇ ਲੜਕਿਆਂ ਨੂੰ 48 ਘੰਟਿਆਂ ਵਿੱਚ ਭਾਰਤ ਨੂੰ ਛੱਡਣ ਦਾ ਅਲਟੀਮੇਟਮ ਦਿੱਤਾ ਸੀ ਇਸ ਅਲਟੀਮੇਟਮ ਕਾਰਨ ਜਿਲਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਵਿੱਚ ਇਸਾਈ ਪਰਿਵਾਰ ਵਿੱਚ ਪਾਕਿਸਤਾਨ ਦੇ ਗੁਜਰਾਂਵਾਲਾ ਦੀ ਰਹਿਣ ਵਾਲੀ ਮਾਰੀਆ ਪੁੱਤਰੀ ਐਮਿਊਨ ਮਸੀਹ ਨੂੰ ਵੀ ਆਪਣਾ ਸਹੁਰਾ ਪਰਿਵਾਰ ਅਤੇ ਪੰਜਾਬ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਗੌਰ ਤਲਬ ਹੈ ਕਿ ਪਿਛਲੇ ਸਾਲ ਅੱਠ ਜੁਲਾਈ 2024 ਨੂੰ ਮਾਰੀਆ ਦਾ ਵਿਆਹ ਸੋਨੂ ਮਸੀਹ ਪੁੱਤਰ ਬਲਦੇਵ ਮਸੀਹ ਵਾਸੀ ਸਠਿਆਲੀ ਜ਼ਿਲਾ ਗੁਰਦਾਸਪੁਰ ਨਾਲ ਇਸਾਈ ਧਰਮ ਦੀਆਂ ਰਸਮਾਂ ਨਾਲ ਹੋਇਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਰੀਆ ਇਸ ਵੇਲੇ 7 ਮਹੀਨਿਆਂ ਦੀ ਗਰਭਵਤੀ ਹੈ ਅਤੇ ਇਸ ਦਾ ਹਾਲਾਤਾਂ ਵਿੱਚ ਮਾਰੀਆ ਨੂੰ ਛੱਡਣਾ ਜਾਂ ਮਾਰੀਆ ਦਾ ਉਹਨਾਂ ਨੂੰ ਛੱਡ ਕੇ ਜਾਣਾ ਬਹੁਤ ਹੀ ਦੁਖ ਭਰਿਆ ਗਮਗੀਨ ਮੰਜਰ ਹੈ।ਇਸ ਤੋਂ ਇਲਾਵਾ ਇਹਨਾਂ ਹਾਲਾਤਾਂ ਵਿੱਚ ਲੜਕੀ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਐਤਵਾਰ ਨੂੰ ਜਦੋਂ ਫਿਰ ਸੋਨੂ ਮਸੀਹ ਅਤੇ ਮਾਰੀਆ ਦੇ ਘਰ ਦਾ ਮੌਕਾ ਦੇਖਿਆ ਗਿਆ ਤਾਂ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ ਅਤੇ ਸੋਨੂ ਮਸੀਹ, ਮਾਰੀਆ ਅਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਫੋਨ ਨੰਬਰ ਵੀ ਸਵਿਚ ਆਫ ਕੀਤੇ ਹੋਏ ਹਨ। ਸਾਰਾ ਪਰਿਵਾਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਬੇਕਾਰ ਹੋ ਚੁੱਕਾ ਹੈ। ਪਿੰਡ ਵਿੱਚ ਪੁਲਿਸ ਦੇ ਸੁਈਆ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਥਾਣਾ ਕਾਹਨੂੰਵਾਨ ਦੀ ਪੁਲਿਸ ਵੀ ਗੇੜੇ ਮਾਰੀ ਹੈ ਪਰ ਮਾਰੀਆ ਅਤੇ ਉਸਦੇ ਪਰਿਵਾਰ ਦੀ ਕੋਈ ਉੱਗ ਸੁੱਘ ਨਹੀਂ ਨਿਕਲੀ ਹੈ ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਅਤੇ ਇਸਾਈ ਭਾਈਚਾਰੇ ਦੇ ਮੋਹਤਵਰ ਰਮੇਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਰਿਵਾਰ ਬਾਰੇ ਕੋਈ ਉੱਗ ਸੁੱਘ ਨਹੀਂ ਹੈ।ਉਹਨਾਂ ਨੇ ਦੱਸਿਆ ਸਨਿਚਵਾਰ ਨੂੰ ਵੀ ਮੀਡੀਆ ਅਤੇ ਪੁਲਿਸ ਪਿੰਡ ਵਿੱਚ ਆਈ ਸੀ ਜਿਸ ਤੋਂ ਬਾਅਦ ਸੋਨੂ ਮਸੀਹ ਅਤੇ ਉਸਦਾ ਪਰਿਵਾਰ ਬੁਰੀ ਤਰ੍ਹਾਂ ਡਰ ਗਿਆ ਸੀ। ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਤੋ ਮੰਗ ਕੀਤੀ ਹੈ ਕਿ ਅਜਿਹੇ ਪਰਿਵਾਰਾਂ ਨੂੰ ਹਮਦਰਦੀ ਦੇ ਤੌਰ ਤੇ ਵਿਚਾਰਿਆ ਜਾਵੇ ਅਤੇ ਗਰਭਵਤੀ ਮਾਰੀਆ ਦੀ ਸਰੀਰਕ ਅਤੇ ਮਾਨਸਿਕ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਜਰੂਰ ਕੋਈ ਰਿਆਇਤ ਦਿੱਤੀ ਜਾਵੇ।