
ਕੋਝੇ ਹਥਕੰਡਿਆਂ ਨਾਲ ਅਕਾਲੀਆਂ ਨੂੰ ਆਪਣਾ ਖੋਹਿਆ ਵੱਕਾਰ ਹਾਸਲ ਨਹੀਂ ਹੋਵੇਗਾ: ਸੁਖਜਿੰਦਰ ਰੰਧਾਵਾ
ਚੰਡੀਗੜ੍ਹ: “ਮੇਰੇ ਖਿ਼ਲਾਫ਼ ਨਿਰਾਧਾਰ ਦੋਸ਼ ਲਾਉਣੇ ਅਕਾਲੀਆਂ ਦੀ ਆਦਤ ਬਣ ਚੁੱਕੀ ਹੈ ਪਰ ਅਕਾਲੀਆਂ ਨੂੰ ਤੱਥਾਂ ਦੇ ਆਧਾਰ ਉਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਝੂਠ ਤੇ ਗੁਮਰਾਹਕੁੰਨ ਪ੍ਰਚਾਰ ਕਰਨਾ ਚਾਹੀਦਾ ਹੈ।”
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਇਸ ਅਖੌਤੀ ਬੀਜ ਘੁਟਾਲੇ ਵਿੱਚ ਮੇਰਾ ਨਾਮ ਅਕਾਲੀ ਸਿਰਫ਼ ਸਿਆਸੀ ਲਾਹਾ ਖੱਟਣ ਲਈ ਘੜੀਸ ਰਹੇ ਹਨ, ਜਦੋਂ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ।
Amritsar Bikran Singh Majithia
ਆਪਣੀ ਗੱਲ ਦੀ ਪੁਖਤਗੀ ਲਈ ਤੱਥ ਰੱਖਦਿਆਂ ਸ. ਰੰਧਾਵਾ ਨੇ ਕਿਹਾ ਕਿ ਮੈਸਰਜ਼ ਕਰਨਾਲ ਐਗਰੀ ਸੀਡਜ਼, ਪਿੰਡ-ਵੈਰੋਕੇ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਮਾਲਕ ਲੱਕੀ ਢਿੱਲੋਂ ਤਾਂ 2017 ਵਿੱਚ ਉਨ੍ਹਾਂ ਨੂੰ ਮਿਲਿਆ ਜਦੋਂਕਿ ਉਸ ਨੂੰ ਲਾਇਸੈਂਸ 2015 ਵਿੱਚ ਅਕਾਲੀ ਸਰਕਾਰ ਵੇਲੇ ਮਿਲਿਆ ਸੀ। ਇਸ ਫਰਮ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗੇਟ ਨੰਬਰ ਇਕ ਸਾਹਮਣੇ ਪੈਂਦੀ ਮੈਸਰਜ਼ ਬਰਾੜ ਸੀਡ ਫਾਰਮ ਨੂੰ ਝੋਨਾ ਪੀ.ਆਰ. 128 ਅਤੇ ਪੀ.ਆਰ. 129 ਦੀ ਸਪਲਾਈ ਕਰਨ ਦਾ ਦੋਸ਼ ਹੈ।
Sukhjinder Randhawa
ਇਹ ਦੋਸ਼ ਲੱਗ ਰਹੇ ਹਨ ਕਿ ਮੈਸਰਜ਼ ਬਰਾੜ ਸੀਡ ਫਾਰਮ ਨੇ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੇ ਬੀਜ ਬਹੁਤ ਮਹਿੰਗੇ ਭਾਅ ਉਤੇ ਸਪਲਾਈ ਕੀਤੇ ਅਤੇ ਇਸ ਸਬੰਧੀ ਲੁਧਿਆਣਾ ਵਿੱਚ 11 ਮਈ 2020 ਨੂੰ ਐਫ.ਆਈ.ਆਰ. ਦਰਜ ਹੋਈ ਸੀ। ਸਹਿਕਾਰਤਾ ਤੇ ਜੇਲ੍ਹ ਮੰਤਰੀ ਨੇ ਸਵਾਲ ਕੀਤਾ ਕਿ ਜਦੋਂ ਇਕ ਫਰਮ ਨੇ ਦੂਜੀ ਫਰਮ ਨੂੰ ਸਪਲਾਈ ਕੀਤੀ, ਉਸ ਫਰਮ ਨੇ ਅੱਗੇ ਬੀਜ ਵੇਚਿਆ ਤਾਂ ਇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਕਿਵੇਂ ਆ ਗਿਆ।
Photo
ਹੋਰ ਵੇਰਵੇ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਬਿੱਲ ਨੰਬਰ 1850, ਜੋ ਮੈਸਰਜ਼ ਬਰਾੜ ਬੀਜ ਫਰਮ ਦੇ ਰਿਕਾਰਡ ਦੀਆਂ ਫਾਈਲਾਂ ਦੀ ਜਾਂਚ ਵਿੱਚ ਪਾਇਆ ਗਿਆ ਦੱਸਿਆ ਗਿਆ ਹੈ, ਲੁਧਿਆਣਾ ਨਾਲ ਸਬੰਧਤ ਹੈ ਨਾ ਕਿ ਅੰਮ੍ਰਿਤਸਰ ਨਾਲ ਤਾਂ ਮੇਰਾ (ਸੁਖਜਿੰਦਰ ਸਿੰਘ ਰੰਧਾਵਾ ਦਾ) ਨਾਮ ਅਕਾਲੀਆਂ ਨੇ ਕਿਵੇਂ ਇਸ ਮਾਮਲੇ ਵਿੱਚ ਘੜੀਸਿਆ। ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ।
Photo
ਮਾਮਲੇ ਬਾਰੇ ਵਧੇਰੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਸਰਜ਼ ਕਰਨਾਲ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ 17 ਸਤੰਬਰ 2015 ਨੂੰ ਲਾਇਸੈਂਸ ਨੰਬਰ 1102 ਜਾਰੀ ਕਰ ਕੇ ਬੀਜ ਵੇਚਣ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਇਹ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ 16 ਸਤੰਬਰ 2021 ਤੱਕ ਲਈ ਨਵਿਆਇਆ ਗਿਆ। ਇਸ ਤੋਂ ਇਲਾਵਾ ਲੱਕੀ ਢਿੱਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਨਜ਼ਦੀਕੀਆਂ ਵਿੱਚੋਂ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੱਕੀ ਢਿੱਲੋਂ ਦੇ ਪਿਤਾ ਦੀ ਮੌਤ ਉਤੇ ਸ਼ੋਕ ਪੱਤਰ ਵੀ ਲਿਖਿਆ ਸੀ।
Bikram Singh Majithia
ਇਨ੍ਹਾਂ ਦੋਸ਼ਾਂ ਦੇ ਹੋਰ ਪਾਜ ਉਘੇੜਦਿਆਂ ਸ. ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਦੇ ਵਾਸੀ ਜੋਬਨਜੀਤ ਸਿੰਘ ਦੇ ਸੀਡ ਸਰਟੀਫਿਕੇਸ਼ਨ ਸਹਾਇਕ ਵਜੋਂ ਕੰਮ ਕਰਨ ਅਤੇ ਉਸ ਦੇ ਮੈਸਰਜ਼ ਕਰਨਾਲ ਐਗਰੀ ਸੀਡਜ਼ ਦੇ ਬੀਜਾਂ ਦੀ ਪੜਤਾਲ ਕਰਨ ਦਾ ਸਬੰਧ ਹੈ ਤਾਂ ਇਹ ਗੱਲ ਸਪੱਸ਼ਟ ਹੈ ਕਿ ਜੋਬਨਜੀਤ ਸਿੰਘ ਗੁਰਦਾਸਪੁਰ ਆਧਾਰਤ ਇਸ ਫਰਮ ਦੇ ਬੀਜਾਂ ਬਾਰੇ ਕੋਈ ਸਰਟੀਫਿਕੇਟ ਨਹੀਂ ਦੇ ਸਕਦਾ ਸੀ ਕਿਉਂਕਿ ਉਸ ਕੋਲ ਇਹ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਪਿੰਡ ਧਾਰੋਵਾਲੀ ਨਾਲ ਸਬੰਧ ਰੱਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੋਵੇਗਾ।
Sukhjinder Singh Randhawa
ਕਾਂਗਰਸੀ ਆਗੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਮਾਂਬੱਧ ਜਾਂਚ ਲਈ ਤਿਆਰ ਹਨ ਪਰ ਅਕਾਲੀਆਂ ਨੂੰ ਵੀ ਇਸ ਮਾਮਲੇ ਵਿੱਚ ਆਪਣੇ ਕਾਰਜਕਾਲ ਦੌਰਾਨ ਹੋਈਆਂ ਉਕਾਈਆਂ ਦੀ ਜਿ਼ੰਮੇਵਾਰੀ ਕਬੂਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਕਾਲੀ ਆਗੂ ਨੂੰ ਸਿਆਣਪ ਭਰੀ ਪਹੁੰਚ ਅਪਣਾਉਣ ਦੀ ਸਲਾਹ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਅਜਿਹੇ ਕਾਲਪਨਿਕ ਹਥਕੰਡੇ ਅਕਾਲੀਆਂ ਨੂੰ ਆਪਣਾ ਖੁਸਿਆ ਆਧਾਰ ਹਾਸਲ ਕਰਨ ਵਿੱਚ ਮਦਦ ਨਹੀਂ ਕਰਨਗੇ।