
ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਦੇ ਲਗਾਤਾਰ 12 ਸਾਲ ਮੁੱਖ ਸੇਵਾਦਾਰ ਰਹੇ ਬਾਬਾ ਚੇਤ ਸਿੰਘ ਦੇ ਚੇਲੇ
ਕੋਟਕਪੂਰਾ, 26 ਮਈ (ਗੁਰਮੀਤ ਸਿੰਘ ਮੀਤਾ) : ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਦੇ ਲਗਾਤਾਰ 12 ਸਾਲ ਮੁੱਖ ਸੇਵਾਦਾਰ ਰਹੇ ਬਾਬਾ ਚੇਤ ਸਿੰਘ ਦੇ ਚੇਲੇ ਅਤੇ ਬਾਬਾ ਧੰਨਾ ਸਿੰਘ ਦੇ ਸਪੁੱਤਰ ਜਥੇਦਾਰ ਨਛੱਤਰ ਸਿੰਘ ਅੱਜ 75 ਸਾਲ ਦੀ ਉਮਰ 'ਚ ਅਚਾਨਕ ਸਦੀਵੀ ਵਿਛੋੜਾ ਦੇ ਗਏ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਬੁੱਢਾ ਦਲ ਦੀ ਪ੍ਰੰਪਰਾ ਮੁਤਾਬਿਕ ਉਨਾਂ ਦਾ ਅੰਤਿਮ ਸਸਕਾਰ ਗੁਰਦਵਾਰਾ ਸਾਹਿਬ ਵਿਖੇ ਹੀ ਕੀਤਾ ਗਿਆ। ਉਨਾ ਦੱਸਿਆ ਕਿ ਬਾਬਾ ਨਛੱਤਰ ਸਿੰਘ ਦੀ ਧਰਮ ਪਤਨੀ ਬੀਬੀ ਜਗਜੀਤ ਕੌਰ, ਬੇਟਾ ਸੁਖਦਰਸ਼ਨ ਸਿੰਘ, ਬੇਟੀ ਮਨਜਿੰਦਰ ਕੌਰ ਸਮੇਤ ਇਲਾਕੇ ਦੇ ਕੁਝ ਚੋਣਵੇਂ ਸ਼ਰਧਾਲੂਆਂ, ਜਾਣਕਾਰਾਂ ਅਤੇ ਸੰਗਤਾਂ ਦੀ ਹਾਜਰੀ 'ਚ ਗੁਰਮਤਿ ਮਰਿਆਦਾ ਅਨੁਸਾਰ ਉਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
File photo
ਉਨਾ ਦੱਸਿਆ ਕਿ ਬਾਬਾ ਨਛੱਤਰ ਸਿੰਘ ਨੇ ਬਚਪਨ ਤੋਂ ਹੀ ਬੁੱਢਾ ਦਲ ਦੀ ਸੇਵਾ ਕੀਤੀ, ਇਸ ਇਤਿਹਾਸਿਕ ਗੁਰਅਸਥਾਨ ਦੀ ਸੇਵਾ ਸੰਭਾਲ ਮੌਕੇ ਵੀ ਅਨੇਕਾਂ ਪੰਥਕ ਸਰਗਰਮੀਆਂ 'ਚ ਹਿੱਸਾ ਲਿਆ। ਬਾਬਾ ਨਛੱਤਰ ਸਿੰਘ ਦੇ ਬੇਟੇ ਸੁਖਦਰਸ਼ਨ ਸਿੰਘ ਨੇ ਆਖਿਆ ਕਿ ਉਸਦੇ ਸਤਿਕਾਰਤ ਪਿਤਾ ਅੱਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾ 'ਚ ਜਾ ਬਿਰਾਜੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਦਰ ਸਿੰਘ ਨਿਆਮੀਵਾਲਾ, ਜਤਿੰਦਰ ਸਿੰਘ ਸਾਹਨੀ, ਗੁਰਦੇਵ ਸਿੰਘ ਸ਼ੰਟੀ, ਪਰਮਜੀਤ ਸਿੰਘ ਮੱਕੜ, ਤਰਸੇਮ ਸਿੰੰਘ ਅਤੇ ਅਮਰੀਕ ਸਿੰਘ ਸਮੇਤ ਹੋਰ ਵੀ ਅਨੇਕਾਂ ਸ਼ਖਸ਼ੀਅਤਾਂ ਹਾਜਰ ਸਨ।