
ਮੀਡੀਆ ਜਗਤ ਕੋਵਿਡ-19 ਮਹਾਂਮਾਰੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਰਿਹਾ ਹੈ।
ਚੰਡੀਗੜ੍ਹ: ਮੀਡੀਆ ਜਗਤ ਕੋਵਿਡ-19 ਮਹਾਂਮਾਰੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਰਿਹਾ ਹੈ। ਪ੍ਰਿੰਟ ਮੀਡੀਆ ਦੀ ਪ੍ਰਸਾਰ ਗਿਣਤੀ ਵਿਚ ਭਾਰੀ ਕਮੀ ਦਰਜ ਕੀਤੀ ਗਈ ਅਤੇ ਇਸ ਦੀ ਵਿਗਿਆਪਨ ਆਮਦਨ ਵਿਚ ਭਾਰੀ ਨੁਕਸਾਨ ਹੋਇਆ ਹੈ। ਲੌਕਡਾਊਨ ਕਾਰਨ ਸੜਕਾਂ 'ਤੇ ਕੋਈ ਟ੍ਰੈਫਿਕ ਨਾ ਹੋਣ ਕਾਰਨ ਆਊਟਡੋਰ ਮੀਡੀਆ ਦੇ ਲਗਭਗ ਸਾਰੇ ਆਡਰ ਰੱਦ ਕਰ ਦਿੱਤੇ ਗਏ।
Photo
ਇਸ ਮਿਆਦ ਵਿਚ ਕੋਈ ਇਵੈਂਟ ਇਜਾਜ਼ਤ ਨਾ ਹੋਣ ਕਾਰਨ ਇਵੈਂਟ ਵਪਾਰ ਵੀ ਖਾਲੀ ਗਿਆ ਹੈ।ਇਸ ਸਬੰਧੀ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਇੱਕ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਪੰਜਾਬ ਵਿਚ ਚੱਲ ਰਹੇ ਲੰਬੇ ਲੌਕਡਾਊਨ ਕਾਰਨ ਮੀਡੀਆ ਜਗਤ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ।
Photo
ਕਰਨ ਗਿਲਹੋਤਰਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਪੰਜਾਬ ਦੇ ਮੀਡੀਆ ਉਦਯੋਗ ਦੀ ਅਰਥਵਿਵਸਥਾ ਨੂੰ ਠੱਪ ਕਰ ਦਿੱਤਾ ਹੈ। ਕਰਨ ਗਿਲਹੋਤਰਾ ਨੇ ਕਿਹਾ, ਰੇਡੀਓ, ਟੀਵੀ, ਪ੍ਰਿੰਟ, ਆਊਟਡੋਰ, ਆਊਟ ਆਫ ਹੋਮ ਮੀਡੀਆ ਵਿਚ ਇਸ਼ਤਿਹਾਰਾਂ ਦੀ ਆਮਦਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਿਗਿਆਪਨ ਆਮਦਨ ਵਿਚ ਆ ਰਹੀ ਲਗਾਤਾਰ ਕਮੀ ਵੱਡਾ ਖਤਰਾ ਪੈਦਾ ਕਰ ਰਹੀ ਹੈ ਕਿਉਂਕਿ ਮੀਡੀਆ ਲਈ ਆਮਦਨ ਦਾ ਮੁੱਖ ਸਰੋਤ ਵਿਗਿਆਪਨ ਆਮਦਨ ਹੀ ਹੈ।
Photo
ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਬੰਧਤ ਵਿੱਤੀ ਸਾਲ ਵਿਚ ਅਪਣੇ ਸਾਲਾਨਾ ਇਸ਼ਤਿਹਾਰਬਾਜ਼ੀ ਬਜਟ ਦੀ ਪੂਰੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੁਚੇਤ ਕੋਸ਼ਿਸ਼ ਕੀਤੀ ਜਾਵੇ। ਚੈਂਬਰ ਨੇ ਪੰਜਾਬ ਵਿਚ ਮੀਡੀਆ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਬੇਨਤੀ ਕੀਤੀ ਹੈ ਅਤੇ ਸਾਰੇ ਮੰਤਰਾਲਿਆਂ, ਡੀਏਵੀਪੀ, ਰਾਜ ਸਰਕਾਰ, ਜਨਤਕ ਉੱਦਮੀਆਂ ਆਦਿ ਨੂੰ ਨਿਰਦੇਸ਼ ਦਿੱਤੇ ਕਿ ਉਹ ਪੂਰੇ ਮੀਡੀਆ ਉਦਯੋਗ ਨੂੰ ਤੁਰੰਤ ਬਕਾਇਆ ਭੁਗਤਾਨ ਜਾਰੀ ਕਰਨ। ਆਰਥਿਕ ਪੈਕੇਜ ਦੀ ਘੋਸ਼ਣਾ ਕਰਨ ਤਾਂ ਜੋ ਮੀਡੀਆ ਦੁਬਾਰਾ ਅਪਣੇ ਪੈਰਾਂ ਤੇ ਖੜਾ ਹੋ ਸਕੇ।
Photo
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀਐਚਡੀ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਡਾਕਟਰ ਡੀਕੇ ਅਗ੍ਰਵਾਲ ਅਤੇ ਸੀਨੀਅਰ ਉਪ ਪ੍ਰਧਾਨ ਸ੍ਰੀ ਸੰਜੇ ਅਗ੍ਰਵਾਲ ਨੇ ਮੀਡੀਆ ਜਗਤ ਨੂੰ ਰਾਹਤ ਪੈਕੇਜ ਦੇਣ ਦੀ ਮੰਗ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵੇਦਕਰ ਨੂੰ ਪਹਿਲਾਂ ਹੀ ਨਵੀਂ ਦਿੱਲੀ ਵਿਖੇ ਮੰਗ ਪੱਤਰ ਸੌਂਪਿਆ ਸੀ।