
ਢਕੌਲੀ ਹੈਲਥ ਸੈਂਟਰ ਵਿਖੇ ਕੋਰੋਨਾ ਨਮੂਨੇ ਲੈਣ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਬੂਥ।
ਜ਼ੀਰਕਪੁਰ, 26 ਮਈ (ਅਭੀਜੀਤ, ਰਮਨ ਜੁਨੇਜਾ) : ਤਾਲਾਬੰਦੀ ਦੌਰਾਨ ਵਿਦੇਸ਼ਾਂ ਤੋਂ ਪਰਤੇ ਸੈਲਾਨੀਆਂ ਨੂੰ ਇਕਾਂਤਵਾਸ ਕਰਨ ਲਈ ਸ਼ਹਿਰ ਵਿਚ ਅੱਧੀ ਦਰਜਨ ਹੋਟਲਾਂ ਅਤੇ ਕੋਰੋਨਾ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਢਕੋਲੀ ਸੀ.ਐਚ.ਸੀ. (ਕਮਿਊਨਿਟੀ ਹੈਲਥ ਸ਼ੈਂਟਰ) ਵਿਚ ਵਿਸ਼ੇਸ਼ ਤਿਆਰੀਆਂ ਕੀਤੀ ਗਈਆਂ ਹਨ।
ਵਿਸ਼ੇਸ਼ ਉਡਾਨਾ ਰਾਹੀਂ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਇਆ ਗਿਆ ਹੈ ਅਤੇ ਉਨ੍ਹਾਂ ਨੂੰ ਜ਼ੀਰਕਪੁਰ ਵਿੱਚ ਉਨ੍ਹਾਂ ਦੀ ਪਸੰਦ ਅਤੇ ਖਰਚੇ ਦੇ ਹਿਸਾਬ ਨਾਲ਼ 6 ਹੋਟਲਾਂ ਵਿੱਚ 14 ਦਿਨਾਂ ਲਈ ਆਈਸੋਲੇਟ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ।
ਇਸ ਦੇ ਨਾਲ ਹੀ ਹੰਗਾਮੀ ਹਲਾਤਾਂ ਨਾਲ਼ ਨਜਿੱਠਣ ਲਈ ਢਕੋਲੀ ਹਸਪਤਾਲ ਵਿੱਚ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਢਕੋਲੀ ਸਥਿਤ ਕਮਿਊਨਿਟੀ ਹੈਲਥ ਸੈਂਟਰ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਇਲਾਜ ਲਈ ਖਾਸ ਬੰਦੋਬਸਤ ਕੀਤਾ ਗਿਆ ਹੈ ।
ਇੱਥੇ ਹਸਪਤਾਲ ਦੇ ਬਾਹਰ ਕੋਰੋਨਾ ਸੈਂਪਲ ਕੁਲੈਕਸ਼ਨ ਬੂਥ ਤਿਆਰ ਕਰਵਾ ਕੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬੂਥ ਦੀ ਖਾਸ ਗੱਲ ਇਹ ਹੈ ਕਿ ਕੋਰੋਨਾ ਦੇ ਸ਼ੱਕੀ ਮਰੀਜ ਦਾ ਸੈਂਪਲ ਲੈਬ ਟੈਕਨੀਸ਼ੀਅਨ ਬਿਨਾਂ ਕਿਸੇ ਪੀਪੀਈ (ਪਰਸਨਲ ਪ੍ਰੋਟੇਕਸ਼ਨ ਇਕਵਿਪਮੇਂਟ) ਕਿੱਟ ਪਹਿਨੇ ਵੀ ਲੈ ਸਕਣਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਡਰ ਵੀ ਨਹੀਂ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਢਕੋਲੀ ਸੀਐੱਚਸੀ ਦੀ ਐਸਐਮਓ ਡਾ. ਪੋਮੀ ਚਤਰਥ ਨੇ ਦੱਸਿਆ ਕਿ ਸੈਂਪਲ ਲੈਣ ਵਿੱਚ ਪੀਪੀਈ ਕਿੱਟ ਦਾ ਜ਼ਿਆਦਾ ਪ੍ਰਯੋਗ ਹੁੰਦਾ ਸੀ ਪਰ ਕੁਲੈਕਸ਼ਨ ਬੂਥ ਸਥਾਪਤ ਕੀਤੇ ਜਾਣ ਨਾਲ਼ ਮਰੀਜਾਂ ਦੇ ਸੈਂਪਲ ਵੀ ਛੇਤੀ ਤੋਂ ਛੇਤੀ ਲਏ ਜਾ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਨੂੰ ਕੋਵਿਡ - 19 , ਲੇਵਲ - 2 ਹਸਪਤਾਲ ਵਿੱਚ ਤਬਦੀਲ ਕਰਨ ਦੇ ਨਾਲ ਹੀ ਇੱਥੇ ਕੋਵਿਡ-19 ਸੈਂਪਲ ਕੁਲੈਕਸ਼ਨ ਬੂਥ ਬਣਾਇਆ ਗਿਆ ਹੈ ।
ਇਸ ਬੂਥ ਤੇ ਸਵੇਰੇ 9 ਬਜੇ ਤੋਂ ਸ਼ਾਮ 5 ਬਜੇ ਤੱਕ ਸੈਂਪਲ ਲਏ ਜਾ ਸਕਣਗੇ। ਵਿਦੇਸ਼ ਜਾਂ ਹੋਰਨਾਂ ਸੂਬਿਆਂ ਤੋਂ ਆਉਣ ਵਾਲਿਆਂ ਦੇ ਸੈਂਪਲ ਲੈਣ ਦੇ ਨਾਲ ਹੀ ਕਿਸੇ ਵਿਅਕਤੀ ਵਿੱਚ ਕਰੋਨਾ ਦੇ ਲੱਛਣ ਮਿਲਣ ਤੇ ਜਾਂ ਡਾਕਟਰਾਂ ਦੀ ਸਲਾਹ ਤੇ ਵੀ ਸੈਂਪਲ ਲਏ ਜਾਣਗੇ ।
ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵਲੋਂ ਬਾਹਰ ਤੋਂ ਪਰਤ ਰਹੇ ਸੈਲਾਨੀਆਂ ਲਈ ਤਾਲਾਬੰਦ ਰਹਿਣ ਲਈ ਉਨ੍ਹਾ ਦੀ ਸੁਵਿਧਾ ਮੁਤਾਬਕ ਉੱਚ ਸ਼੍ਰੇਣੀ, ਮੱਧਮ ਸ਼੍ਰੇਣੀ ਅਤੇ ਸਟੈਂਡਟਰਡ ਸ਼ਰੇਣੀ ਵਿੱਚ ਹੋਟਲ ਵੰਡੇ ਗਏ ਹਨ ਜਿਨ੍ਹਾਂ ਦਾ ਕਿਰਾਇਆ 1500 ਰੁਪਏ ਤੋਂ ਕਰੀਬ 5 ਹਜਾਰ ਰੁਪਏ ਰਖਿਆ ਗਿਆ ਹੈ।