
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਅੱਜ ਮੁਹਾਲੀ ਅਦਾਲਤ ਵਿਚ ਪੇਸ਼ੀ ਹੋਈ।
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਅੱਜ ਮੁਹਾਲੀ ਅਦਾਲਤ ਵਿਚ ਪੇਸ਼ੀ ਹੋਈ। ਅਦਾਲਤ ਨੇ ਡਾ. ਸਿੰਗਲਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਡਾ. ਵਿਜੇ ਸਿੰਗਲਾ ਨੂੰ ਜਦੋਂ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਹਨਾਂ ਨੇ ਅਦਾਲਤ ਦੇ ਬਾਹਰ ਕਿਹਾ ਕਿ ਮੈਨੂੰ ਆਪਣੀ ਪਾਰਟੀ, ਸਰਕਾਰ ਅਤੇ ਅਦਾਲਤ 'ਤੇ ਭਰੋਸਾ ਹੈ।
ਉਹਨਾਂ ਕਿਹਾ ਕਿ ਮੈਂ ਇਮਾਨਦਾਰੀ ਨਾਲ ਵਿਭਾਗ ਵਿਚ ਕੰਮ ਕੀਤਾ ਹੈ ਅਤੇ ਇਸ ਮਾਮਲੇ 'ਚ ਸਾਫ ਬਰੀ ਹੋ ਕੇ ਬਾਹਰ ਆਵਾਂਗਾ। ਉਹਨਾਂ ਕਿਹਾ ਕਿ ਅਸੀਂ ਕੋਈ ਬੇਇਮਾਨੀ ਨਹੀਂ ਕੀਤੀ ਅਤੇ 100 ਫੀਸਦੀ ਇਮਾਨਦਾਰੀ ਨਾਲ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਾਰਟੀ ਵਿਚ ਕੋਈ ਸਾਜ਼ਿਸ਼ ਨਹੀਂ ਹੋ ਰਹੀ, ਇਹ ਬਾਹਰਲੀਆਂ ਤਾਕਤਾਂ ਦੀ ਸਾਜ਼ਿਸ਼ ਹੈ। ਅਦਾਲਤ ਨੇ ਡਾ. ਸਿੰਗਲਾ ਦੇ ਨਾਲ ਉਹਨਾਂ ਦੇ ਓਐੱਸਡੀ ਭਾਣਜੇ ਪ੍ਰਦੀਪ ਕੁਮਾਰ ਨੂੰ ਵੀ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਡਾ. ਸਿੰਗਲਾ ਨੂੰ ਸੀਐਮ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ। ਮਾਨ ਨੇ ਦਾਅਵਾ ਕੀਤਾ ਸੀ ਕਿ ਸਿੰਗਲਾ ਸਿਹਤ ਵਿਭਾਗ ਦੇ ਹਰ ਕੰਮ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਹਨ। ਜਿਸ ਦੀ ਉਹਨਾਂ ਕੋਲ ਰਿਕਾਰਡਿੰਗ ਵੀ ਹੈ। ਜਦੋਂ ਮੰਤਰੀ ਨੂੰ ਪੁੱਛਿਆ ਤਾਂ ਉਸ ਨੇ ਵੀ ਅਪਣਾ ਗੁਨਾਹ ਕਬੂਲ ਲਿਆ। ਜਿਸ ਤੋਂ ਬਾਅਦ ਸੀਐਮ ਮਾਨ ਨੇ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਸੀ। ਵਿਭਾਗ ਦੇ ਹੀ ਸੁਪਰਡੈਂਟ ਇੰਜਨੀਅਰ ਦੇ ਬਿਆਨਾਂ ’ਤੇ ਮੰਤਰੀ ਅਤੇ ਉਸ ਦੇ ਓਐਸਡੀ ਭਾਣਜੇ ’ਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ।