
ਚੇਅਰਮੈਨੀ ਤੇ ਐਮ.ਸੀ. ਦੀ ਟਿਕਟ ਦੀ ਪੇਸ਼ਕਸ਼ ਕਰ ਕੇ ਬਣਾ ਰਿਹਾ ਸੀ ਫ਼ੋਨ 'ਤੇ ਗੱਲ ਕਰਨ ਦਾ ਦਬਾਅ : ਪੀੜਤ ਮਹਿਲਾ
ਜਲੰਧਰ : ਜਲੰਧਰ ਤੋਂ 'ਆਪ' ਮਹਿਲਾ ਆਗੂ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਿਸੇ ਸ਼ਖ਼ਸ ਵਲੋਂ ਖ਼ੁਦ ਨੂੰ ਮੰਤਰੀ ਦਾ ਪੀ.ਏ. ਦੱਸ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਔਰਤ ਵਲੋਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਗਈ ਹੈ ਜਿਸ ਵਿਚ ਉਸ ਨੇ ਦਸਿਆ ਕਿ ਕਿਸੇ ਸ਼ਖ਼ਸ ਵਲੋਂ ਉਸ ਨੂੰ ਲਗਾਤਾਰ ਫ਼ੋਨ ਕਰ ਕੇ ਚੇਅਰਮੈਨੀ ਅਤੇ ਐਮ.ਸੀ. ਦੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਦਲੇ ਵਿਚ ਉਸ ਵਲੋਂ ਫ਼ੋਨ 'ਤੇ ਗਲਬਾਤ ਕਰਨ ਦਾ ਦਬਾਅ ਵੀ ਬਣਾਇਆ ਜਾ ਰਿਹਾ ਹੈ।
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਔਰਤ ਨੇ ਉਹ ਨੰਬਰ ਵੀ ਸਾਂਝੇ ਕੀਤੇ ਹਨ ਜਿਸ ਤੋਂ ਉਸ ਨੂੰ ਫ਼ੋਨ ਆ ਰਹੇ ਸਨ। ਔਰਤ ਦਾ ਕਹਿਣਾ ਹੈ ਕਿ ਉਸ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਜਿਸ ਲਈ ਇਨ੍ਹਾਂ ਨੰਬਰਾਂ ਦੀ ਜਾਂਚ ਕੀਤੀ ਜਾਵੇ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਦਿਤੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਨੰਬਰ ਟਰੇਸ ਕਰ ਕੇ ਤਿੰਨ-ਚਾਰ ਨੌਜੁਆਨਾਂ ਤੋਂ ਪੁੱਛਗਿੱਛ ਵੀ ਕੀਤੀ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਪ੍ਰਾਪਰਟੀ ਡੀਲਰ ਦੀ ਮੌਤ,ਧੜ ਨਾਲੋਂ ਵੱਖ ਹੋਈ ਗਰਦਨ
ਦੱਸ ਦੇਈਏ ਕਿ ਔਰਤ ਵਲੋਂ ਉਸ ਸ਼ਖ਼ਸ ਵਿਰੁਧ ਐਫ਼.ਆਈ.ਆਰ. ਦਰਜ ਕਰਵਾਈ ਗਈ ਹੈ। ਇੰਨਾ ਹੀ ਨਹੀਂ ਔਰਤ ਨੇ ਇਸ ਮਾਮਲੇ ਬਾਰੇ ਅਪਣੇ ਸੋਸ਼ਲ ਮੀਡੀਆ ਖ਼ਾਤੇ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਅਤੇ ਲੋਕਾਂ ਦੇ ਸੁਝਾਅ ਮੰਗੇ ਹਨ। ਔਰਤ ਨੇ ਪੁੱਛਿਆ, ''ਜਦੋਂ ਕੋਈ ਸ਼ਖ਼ਸ ਇਕ ਮੰਤਰੀ ਦਾ ਪੀ.ਏ. ਬਣ ਕੇ ਕਿਸੇ ਮਹਿਲਾ ਨੂੰ ਫ਼ੋਨ ਕਰ ਕੇ ਟਿਕਟ ਤੇ ਚੇਅਰਮੈਨੀ ਦਾ ਲਾਲਚ ਦੇਵੇ ਪਰ ਮਹਿਲਾ ਵਲੋਂ ਬਿਨਾ ਕਿਸੇ ਲਾਲਚ ਤੋਂ ਉਸ ਵਿਰੁਧ ਸ਼ਿਕਾਇਤ ਕੀਤੀ ਜਾਵੇ। ਜਾਂਚ ਵਿਚ ਸੱਭ ਪਤਾ ਵੀ ਲਗ ਗਿਆ ਹੈ। ਸਾਰੇ ਸਲਾਹ ਦਿਉ ਕਿ ਹੁਣ ਕੀ ਕਰਨਾ ਚਾਹੀਦਾ ਹੈ?''
ਉਧਰ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਐਫ਼.ਆਈ.ਆਰ. ਦਰਜ ਕਰ ਲਈ ਹੈ ਅਤੇ ਇਸ ਸਬੰਧੀ ਕਰੀਬ ਚਾਰ ਨੌਜੁਆਨਾਂ ਤੋਂ ਪੁੱਛਗਿੱਛ ਵੀ ਕੀਤੀ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।