
ਭਾਵੇਂ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਖ਼ੁਦ ਚੰਡੀਗੜ੍ਹ ਵਿਖੇ ਆ ਕੇ ਅਕਾਲੀਆਂ ਤੇ ਭਾਜਪਾ ਦਰਮਿਆਨ ਦੂਰੀਆਂ ਮਿਟਾਉਣ....
ਕੋਟਕਪੂਰਾ :- ਭਾਵੇਂ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਖ਼ੁਦ ਚੰਡੀਗੜ੍ਹ ਵਿਖੇ ਆ ਕੇ ਅਕਾਲੀਆਂ ਤੇ ਭਾਜਪਾ ਦਰਮਿਆਨ ਦੂਰੀਆਂ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਵਾਈ 'ਚ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ, ਜਦਕਿ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਦੀ ਅਗਵਾਈ ਹੇਠ ਇਕ ਮੰਗ ਪੱਤਰ ਐਸਡੀਐਮ ਕੋਟਕਪੂਰਾ ਦੀ ਗ਼ੈਰ ਹਾਜ਼ਰੀ ਕਾਰਨ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਕਾਲੀ ਦਲ ਬਾਦਲ ਦੀ 26 ਜੂਨ ਨੂੰ ਰੋਸ ਮਾਰਚ ਸਬੰਧੀ ਅਖ਼ਬਾਰਾਂ 'ਚ ਪ੍ਰਕਾਸ਼ਤ ਹੋਈ ਖ਼ਬਰ 'ਚ ਭਾਜਪਾ ਆਗੂ ਗ਼ੈਰ ਹਾਜ਼ਰ ਸਨ ਜਾਂ ਉਨਾ ਨੂੰ ਸੱਦਾ ਦੇਣ ਦੀ ਜ਼ਰੂਰਤ ਹੀ ਨਾ ਸਮਝੀ ਗਈ। ਅੱਜ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨਾਂ ਹਲਕਿਆਂ ਨਾਲ ਸਬੰਧਤ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਹਿਲਾਂ ਫ਼ਰੀਦਕੋਟ ਸ਼ਹਿਰ 'ਚ ਰੋਸ ਮਾਰਚ ਕੱਢਿਆ ਤੇ ਫਿਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮਾਰਚ ਸਮਾਪਤ ਕੀਤਾ।
ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਨੇ ਮੰਨਿਆ ਕਿ ਅਕਾਲੀ ਦਲ ਦਾ ਅਪਣਾ ਵਖਰਾ ਪ੍ਰੋਗਰਾਮ ਸੀ ਤੇ ਉਨ੍ਹਾਂ ਭਾਜਪਾ ਨੂੰ ਸੱਦਾ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ ਪਰ ਕੁੱਝ ਭਾਜਪਾ ਦੇ ਆਗੂ ਅਖਵਾਉਣ ਵਾਲੇ ਅਖੌਤੀ ਲੀਡਰਾਂ ਦਾ ਕੰਮ ਅਕਾਲੀ ਦਲ ਨੂੰ ਲਾਭ ਪਹੁੰਚਾਉਣਾ ਹੈ ਪਰ ਉਹ ਵੇਲੇ ਕੁਵੇਲੇ ਨਾਮ ਸਿਰਫ ਭਾਜਪਾ ਦਾ ਹੀ ਵਰਤਦੇ ਹਨ।
ਮੈਡਮ ਗਰਗ ਨੇ ਦਸਿਆ ਕਿ ਅਸੀਂ ਅਕਾਲੀਆਂ ਨੂੰ ਸੱਦਾ ਨਹੀਂ ਦਿੱਤਾ ਅਤੇ 1975 'ਚ ਲੱਗੀ ਐਮਰਜੈਂਸੀ ਦੇ 43 ਸਾਲ ਪੂਰੇ ਹੋਣ 'ਤੇ ਨਿੰਦਾ ਦਾ ਮਤਾ ਪਾਸ ਕਰਕੇ ਰੋਸ ਮਾਰਚ ਕਰਨ ਉਪਰੰਤ ਮੰਗ ਪੱਤਰ ਸੌਂਪਿਆ। ਕਿਉਂਕਿ ਉਸ ਸਮੇਂ ਆਮ ਲੋਕਾਂ ਦੇ ਨਾਲ-ਨਾਲ ਮੀਡੀਏ ਦੇ ਅਧਿਕਾਰ ਵੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਹੱਥ 'ਚ ਲੈ ਲਏ ਸਨ।