
ਸੈਕਟਰ-18 ਦੇ ਪਾਰਕ ਵਿਚ ਕੁੱਤਿਆਂ ਦੇ ਵੱਢਣ ਨਾਲ ਮਰੇ ਡੇਢ ਸਾਲਾ ਬੱਚੇ ਆਯੁਸ਼ ਦਾ ਮੰਗਲਵਾਰ ਨੂੰ 10 ਦਿਨ ਬਾਅਦ ਪੋਸਟਮਾਰਟਮ ਕਰ ਕੇ......
ਚੰਡੀਗੜ੍ਹ : ਸੈਕਟਰ-18 ਦੇ ਪਾਰਕ ਵਿਚ ਕੁੱਤਿਆਂ ਦੇ ਵੱਢਣ ਨਾਲ ਮਰੇ ਡੇਢ ਸਾਲਾ ਬੱਚੇ ਆਯੁਸ਼ ਦਾ ਮੰਗਲਵਾਰ ਨੂੰ 10 ਦਿਨ ਬਾਅਦ ਪੋਸਟਮਾਰਟਮ ਕਰ ਕੇ ਪਰਵਾਰ ਵਲੋਂ ਸਸਕਾਰ ਕਰ ਦਿਤਾ ਗਿਆ। ਪੁਲਿਸ ਨੇ ਬੀਤੇ ਸੋਮਵਾਰ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਕਿਸ ਵਿਰੁਧ ਇਹ ਮਾਮਲਾ ਦਰਜ ਕੀਤਾ ਗਿਆ ਹੈ, ਇਸ ਬਾਰੇ ਪੁਲਿਸ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹੈ। ਦਰਅਸਲ ਮਾਮਲਾ ਦਰਜ ਨਾ ਹੋਣ ਕਾਰਨ ਬੱਚੇ ਦੀ ਮਾਂ ਮਮਤਾ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਸੀ। ਸੋਮਵਾਰ ਮਾਮਲਾ ਦਰਜ ਹੋਣ ਤੋਂ ਬਾਅਦ ਮਮਤਾ ਨੇ ਪੋਸਟਮਾਰਟਮ ਕਰਨ ਲਈ ਹਾਂ ਕਰ ਦਿਤੀ ਸੀ।
ਸ਼ਾਮੀ ਕਰੀਬ 5.30 ਵਜੇ ਸੈਕਟਰ-25 ਦੇ ਸਮਸ਼ਾਨ ਘਾਟ ਵਿਚ ਬੱਚੇ ਦਾ ਸਸਕਾਰ ਕਰ ਦਿਤਾ ਗਿਆ। ਦੂਜੇ ਪਾਸੇ ਪੀੜਤ ਧਿਰ ਦਾ ਕਹਿਣਾ ਹੈ ਕਿ ਕੇਸ ਨੂੰ ਰਫ਼ਾ-ਦਫ਼ਾ ਕਰਨ ਦੇ ਚੱਕਰ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਬੱਚੇ ਦੀ ਮਾਂ ਕੇਸ ਦਰਜ ਨਾ ਹੋਣ ਤਕ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ 'ਤੇ ਅੜੀ ਹੋਈ ਸੀ। ਮ੍ਰਿਤਕ ਬੱਚੇ ਦੇ ਪਰਵਾਰ ਦੀ ਮਦਦ ਕਰ ਰਹੇ ਚੰਡੀਗੜ੍ਹ ਦੀ ਆਵਾਜ਼ ਸੰਸਥਾ ਦੇ ਚੇਅਰਮੈਨ ਅਵਿਨਾਸ਼ ਸਿੰਘ ਸ਼ਰਮਾ ਨੇ ਕਿਹਾ ਕਿ ਪੁਲਿਸ ਨੂੰ ਇਹ ਕੇਸ ਇਸ ਮਾਮਲੇ ਦੇ ਜ਼ਿਮੇਵਾਰ ਵਿਅਕਤੀਆਂ ਵਿਰੁਧ ਦਰਜ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਬੱਚੇ ਦਾ ਸਸਕਾਰ ਹੋ ਚੁਕਾ ਹੈ ਅਤੇ ਉਹ ਹੁਣ ਬੁਧਵਾਰ ਨੂੰ ਚੰਡੀਗੜ੍ਹ ਦੇ ਡੀ.ਆਈ.ਜੀ. ਓਪੀ ਮਿਸ਼ਰਾ ਨਾਲ ਮੁੜ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਮਾਂ ਮਮਤਾ ਨੇ ਬੇਟੇ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੂੰ ਇਸ ਲਈ ਜ਼ਿੰਮੇਦਾਰ ਠਹਿਰਾਇਆ ਸੀ। 'ਤੇਮਾਮਲਾ ਦਰਜ ਹੋਣ 'ਤੇ 10ਵੇਂ ਦਿਨ ਹੋਇਆ ਬੱਚੇ ਦਾ ਸਸਕਾਰ ਮਮਤਾ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਕੇ.ਕੇ. ਯਾਦਵ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਬੇਟੇ ਦਾ ਪੋਸਟਮਾਰਟਮ ਕਰਾਉਣ ਨੂੰ ਤਿਆਰ ਹੋਈ ਸੀ। ਇਸ ਲਈ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ।
ਮੇਨਕਾ ਗਾਂਧੀ ਵਿਰੁਧ ਹੋਵੇ ਮਾਮਲਾ ਦਰਜ : ਰਾਜ ਨਾਗਪਾਲ
ਦੂਜੇ ਪਾਸੇ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਅਤੇ ਕਾਂਗਰਸੀ ਨੇਤਾ ਰਾਜ ਨਾਗਪਾਲ ਨੇ ਬਿਆਨ ਦਿਤਾ ਹੈ ਕਿ ਬੱਚੇ ਦੀ ਆਵਾਰਾ ਕੁੱਤਿਆਂ ਵਲੋਂ ਕੱਟੇ ਜਾਣ ਨਾਲ ਹੋਈ ਮੌਤ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਅਣਪਛਾਤੇ ਵਿਰੁਧ ਜੋ ਮਾਮਲਾ ਦਰਜ ਕੀਤਾ ਹੈ, ਉਹ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਲਈ ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਉਨ੍ਹਾਂ ਦੀ ਐਨਜੀਓ ਪੀਪਲਸ ਫ਼ਾਰ ਐਨੀਮਲ ਹੀ ਦੋਸ਼ੀ ਹੈ
ਕਿਉਂਕਿ ਜਿਥੇ ਵੀ ਕੋਈ ਕੁੱਤਿਆਂ ਵਲੋਂ ਕੱਟੇ ਜਾਣ 'ਤੇ ਉਨ੍ਹਾਂ ਨੂੰ ਮਾਰਦਾ ਹੈ ਤਾਂ ਕੇਂਦਰੀ ਮੰਤਰੀ ਅਤੇ ਪੀਐਫ਼ਏ ਪੀੜਤ ਵਿਰੁਧ ਹੀ ਕਾਨੂੰਨੀ ਕਾਰਵਾਈ ਕਰਦੇ ਹਨ। ਇਹ ਸੀ ਮਾਮਲਾ ਮ੍ਰਿਤਕ ਦੀ ਮਾਂ ਸੈਕਟਰ-18 'ਚ ਇਕ ਕੋਠੀ ਵਿਚ ਕੰਮ ਕਰਦੀ ਹੈ। 17 ਜੂਨ ਨੂੰ ਉਹ ਬੱਚਿਆਂ ਨਾਲ ਕੰਮ 'ਤੇ ਗਈ। ਘਰ ਦੇ ਬਾਹਰ ਪਾਰਕ ਸੀ ਜਿਥੇ ਬੱਚੇ ਖੇਡਣ ਚਲੇ ਗਏ।
ਇਸ ਦੌਰਾਨ ਪਾਰਕ ਵਿਚ ਮੌਜੂਦ 3-4 ਕੁੱਤਿਆਂ ਨੇ ਮਾਸੂਮ ਆਯੂਸ਼ ਨੂੰ ਘੇਰ ਕੇ ਨੋਚਣਾ ਸ਼ੁਰੂ ਕਰ ਦਿਤਾ। ਉਸ ਦੇ ਭਰਾ-ਭੈਣ ਨੇ ਇਹ ਸਬ ਵੇਖਿਆ ਤਾਂ ਉਹ ਡਰ ਦੇ ਮਾਰੇ ਝੂਲੇ 'ਤੇ ਚੜ੍ਹ ਗਏ ਅਤੇ ਅਪਣੀ ਜਾਨ ਬਚਾਈ। ਕੁੱਤਿਆਂ ਦੇ ਨੋਚਣ ਨਾਲ ਆਯੂਸ਼ ਦੇ ਸਰੀਰ 'ਤੇ 93 ਜ਼ਖ਼ਮ ਹੋ ਗਏ ਸਨ ਅਤੇ ਉਸ ਦੀ ਮੌਤ ਹੋ ਗਈ ਸੀ।