
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ.....
ਹੁਸ਼ਿਆਰਪੁਰ : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ, ਉਥੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵਾਹੀ ਲਈ ਜਗ੍ਹਾ ਨਾ ਹੋਣ ਦੀ ਸੂਰਤ ਵਿਚ ਘਰਾਂ ਦੀਆਂ ਛੱਤਾਂ 'ਤੇ ਫ਼ਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਨੇ ਦਸਿਆ ਕਿ ਮਨੁੱਖ ਦੀ ਚੰਗੀ ਸਿਹਤ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਦੀ ਲੋੜ ਹੁੰਦੀ ਹੈ।
ਕਿਸਾਨਾਂ ਤੋਂ ਇਲਾਵਾ ਸ਼ਹਿਰਾਂ ਵਿਚ ਰਹਿਣ ਵਾਲੇ ਵੀ ਅਪਣੇ ਘਰਾਂ ਦੀ ਛੱਤ ਉਤੇ ਵੀ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਕਰਕੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਰਗੈਨਿਕ ਸਾਧਨਾਂ ਰਾਹੀਂ ਲਾਭ ਲੈ ਸਕਦੇ ਹਨ। ਕਲੇਰ ਨੇ ਦਸਿਆ ਕਿ ਘਰਾਂ ਦੀਆਂ ਛੱਤਾਂ 'ਤੇ ਸਬਜ਼ੀਆਂ, ਫ਼ਲ ਅਤੇ ਹਰਬ ਉਗਾਏ ਜਾ ਸਕਦੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਉਨ੍ਹਾਂ ਘਰਾਂ ਅੰਦਰ ਫ਼ੱਲ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਘਰਾਂ ਦੀ ਛੱਤ 'ਤੇ ਵੀ ਸਬਜ਼ੀਆਂ ਅਤੇ ਫ਼ੱਲਾਂ ਦੀ ਕਾਸ਼ਤ ਗਮਲਿਆਂ,
ਪੁਰਾਣੇ ਕੱਟੇ ਹੋਏ ਡਰੱਮਾਂ, ਬਕਸਿਆਂ, ਟਰੇਆਂ ਅਤੇ ਤਰਪਾਲ ਦੇ ਕੰਟੇਨਰਾਂ ਵਿੱਚ ਕੀਤੀ ਜਾ ਸਕਦੀ ਹੈ। ਡਿਪਟੀ ਡਾਇਰੈਕਟਰ ਬਾਗ਼ਬਾਨੀ ਨਰੇਸ਼ ਕੁਮਾਰ ਨੇ ਦਸਿਆ ਕਿ ਗਮਲਿਆਂ ਜਾਂ ਕੰਟੇਨਰਾਂ ਵਿਚ ਫ਼ੱਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਹਿਲਾਂ ਹੇਠਲੀ ਸਾਈਡ 'ਤੇ ਛੇਦ ਕਰ ਲੈਣੇ ਚਾਹੀਦੇ ਹਨ, ਤਾਂ ਜੋ ਵਾਧੂ ਪਾਣੀ ਦਾ ਨਿਕਾਸ ਹੋ ਸਕੇ ਅਤੇ ਬਰਾਬਰ ਮਾਤਰਾ ਵਿਚ ਉਪਜਾਊ ਮਿੱਟੀ ਅਤੇ ਦੇਸੀ ਗਲੀ ਸੜੀ ਰੂੜੀ ਮਿਕਸ ਕਰ ਕੇ ਭਰਨੀ ਚਾਹੀਦੀ ਹੈ। ਇਸ ਤੋਂ ਬਾਅਦ ਕੰਟੇਨਰਾਂ ਵਿਚ ਸਿਹਤਮੰਦ ਪੌਦੇ ਜਾਂ ਵਧੀਆ ਕੁਆਲਟੀ ਦੇ ਬੀਜ ਲਗਾਉਣੇ ਚਾਹੀਦੇ ਹਨ।
ਗਰਮੀਆਂ ਦੌਰਾਨ ਗਮਲਿਆਂ ਵਿਚ ਦਿਨ ਵਿਚ ਦੋ ਵਾਰ (ਸਵੇਰੇ ਤੇ ਸ਼ਾਮ) ਸਿੰਚਾਈ ਕਰਨੀ ਚਾਹੀਦੀ ਹੈ ਅਤੇ ਸਰਦੀਆਂ ਵਿਚ ਲੋੜ ਅਨੁਸਾਰ ਸਿੰਚਾਈ ਕਰਨੀ ਫ਼ਾਇਦੇਮੰਦ ਰਹਿੰਦੀ ਹੈ। ਗਰਮੀਆਂ ਤੇ ਸਰਦ ਰੁੱਤ ਦੇ ਫ਼ਲ, ਸਬਜ਼ੀਆਂ ਦੇ ਬੀਜ ਅਤੇ ਪਨੀਰੀ ਲੈਣ ਲਈ ਬਾਗ਼ਬਾਨੀ ਵਿਭਾਗ ਦੇ ਸਥਾਨਕ ਦਫ਼ਤਰ ਕੋਲ ਪਹੁੰਚ ਕਰ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਲਈ ਜਾ ਸਕਦੀ ਹੈ।