
ਮਨੀਮਾਜਰਾ ਵਿਚ ਇਕ ਨੌਜਵਾਨ ਨੂੰ ਪ੍ਰੇਮ ਵਿਆਹ ਕਰਵਾਉਣਾ ਕਾਫ਼ੀ ਮਹਿੰਗਾ ਪੈ ਗਿਆ। ਲੜਕੀ ਦੇ ਭਰਾਵਾਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ.....
ਚੰਡੀਗੜ੍ਹ : ਮਨੀਮਾਜਰਾ ਵਿਚ ਇਕ ਨੌਜਵਾਨ ਨੂੰ ਪ੍ਰੇਮ ਵਿਆਹ ਕਰਵਾਉਣਾ ਕਾਫ਼ੀ ਮਹਿੰਗਾ ਪੈ ਗਿਆ। ਲੜਕੀ ਦੇ ਭਰਾਵਾਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੇ ਹੱਥ-ਪੈਰ ਵੱਢ ਦਿਤੇ। ਵਾਰਦਾਤ ਸੋਮਵਾਰ ਦੇਰ ਰਾਤ ਦੀ ਹੈ। ਨੌਜਵਾਨ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ। ਮਾਡਰਨ ਕੰਪਲੈਕਸ ਦੇ ਰਹਿਣ ਵਾਲੇ ਪੁਲਕਿਤ ਨਾਂ ਦੇ ਨੌਜਵਾਨ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਮੁਟਿਆਰ ਦੇ ਪਰਵਾਰ ਦੀ ਮਰਜ਼ੀ ਵਿਰੁਧ ਕੋਰਟ 'ਚ ਵਿਆਹ ਕੀਤਾ ਸੀ। ਪੁਲਕਿਤ ਨੂੰ ਸ਼ੱਕ ਸੀ ਕਿ ਉਸ 'ਤੇ ਜਾਨਲੇਵਾ ਹਮਲਾ ਹੋ ਸਕਦਾ ਹੈ, ਇਸ ਲਈ ਪੁਲਕਿਤ ਨੇ ਐਸ.ਐਸ.ਪੀ. ਨੂੰ ਮਿਲ ਕੇ ਅਪਣੀ
ਮਦਦ ਲਈ ਗੁਹਾਰ ਲਗਾਈ ਸੀ ਪਰ ਉਸ ਸਮੇਂ ਪੀੜਤ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ, ਜਿਸ ਦਾ ਨਤੀਜਾ ਪੁਲਕਿਤ ਨੂੰ ਅਪਣੀ 'ਤੇ ਹੋਏ ਹਮਲੇ ਨਾਲ ਭੁਗਤਣਾ ਪਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹਮਲਾ ਕਰਨ ਵਾਲੇ ਪੁਲਕਿਤ ਦੀ ਪਤਨੀ ਦੇ ਦੋਵੇਂ ਭਰਾਵਾਂ ਸਤਨਾਮ ਅਤੇ ਜਸਬੀਤ ਉਰਫ਼ ਬੁੱਧਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਬੁੱਧਵਾਰ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰੇਗੀ। ਦਰਅਸਲ ਮਾਮਲਾ ਇਹ ਹੈ ਕਿ ਮਾਡਰਨ ਕੰਪਲੈਕਸ ਦੇ ਰਹਿਣ ਵਾਲੇ ਪੁਲਕਿਤ ਨੂੰ ਮਨੀਮਾਜਰਾ ਟਾਊਨ ਦੀ ਰਹਿਣ ਵਾਲੀ ਮਨਪ੍ਰੀਤ ਨਾਮ ਦੀ ਮੁਟਿਆਰ ਨਾਲ ਪ੍ਰੇਮ ਹੋ ਗਿਆ ਅਤੇ ਉਸ ਨੇ ਮਨਪ੍ਰੀਤ ਨਾਲ ਪਰਵਾਰ ਦੇ ਵਿਰੁਧ ਜਾ ਕੇ
ਕੁੱਝ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ ਸੀ। ਦਸਿਆ ਜਾਂਦਾ ਹੈ ਕਿ ਪੁਲਕਿਤ ਅਪਣੀ ਪਤਨੀ ਨਾਲ ਬੀਤੀ ਰਾਤ ਕਾਰ ਵਿਚ ਮਾਰਕੀਟ ਤੋਂ ਅਪਣੇ ਘਰ ਲਈ ਨਿਕਲਿਆ ਹੀ ਸੀ ਕਿ ਪਿੱਛਾ ਕਰ ਕੇ ਮੁਟਿਆਰ ਦੇ ਭਰਾ ਸਤਨਾਮ ਅਤੇ ਜਸਵੀਰ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਉਸ ਦੀ ਕਾਰ ਤੋੜੀ ਅਤੇ ਫ਼ਿਰ ਉਸ ਨੂੰ ਬਾਹਰ ਕੱਢ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥਾਂ ਅਤੇ ਪੈਰਾਂ 'ਤੇ ਵਾਰ ਕੀਤਾ। ਜਦੋਂ ਲੋਕ ਇਕੱਠੇ ਹੋ ਗਏ ਤਾਂ ਉਹ ਦੋਵੇਂ ਭਰਾ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ
ਕਰਵਾਇਆ, ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਰੈਫ਼ਰ ਕਰ ਦਿਤਾ ਗਿਆ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਕਿਤ ਦੇ ਪਰਵਾਰ ਦੇ ਲੋਕਾਂ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਐਸਐਸਪੀ ਕੋਲ ਸੁਰੱਖਿਆ ਦੀ ਗੁਹਾਰ ਲਗਾਈ ਗਈ ਸੀ ਪਰ ਐਸਐਸਪੀ ਵਲੋਂ ਸਿਰਫ਼ ਭਰੋਸਾ ਦਿਤਾ ਗਿਆ ਸੀ ਅਤੇ ਦੋਹਾਂ ਧਿਰਾਂ ਨੂੰ ਸੱਦ ਕੇ ਸਮਝੌਤਾ ਕਰਾ ਦਿਤਾ ਗਿਆ ਸੀ ਪਰ ਉਸ ਸਮੇਂ ਜੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਅਜਿਹੀ ਘਟਨਾ ਨਾ ਵਾਪਰਦੀ।