
ਬੀ.ਕੇ.ਯੂ.ਏਕਤਾ (ਉਗਰਾਹਾਂ) ਨੇ ਸਰਕਾਰ ਤੋਂ ਵੋਟਾਂ ਵੇਲੇ ਕੀਤੇ ਵਾਅਦੇ ਮੁਤਾਬਕ ਖੇਤੀ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੀ ਮੰਗ ਕੀਤੀ.....
ਸੰਗਤ ਮੰਡੀ : ਬੀ.ਕੇ.ਯੂ.ਏਕਤਾ (ਉਗਰਾਹਾਂ) ਨੇ ਸਰਕਾਰ ਤੋਂ ਵੋਟਾਂ ਵੇਲੇ ਕੀਤੇ ਵਾਅਦੇ ਮੁਤਾਬਕ ਖੇਤੀ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੀ ਮੰਗ ਕੀਤੀ ਹੈ। ਸੰਗਤ ਬਲਾਕ ਦੇ ਬੀ.ਕੇ.ਯੂ. (ਉਗਰਾਹਾਂ) ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਝੋਨਾ ਲਾਉਣ ਲਈ ਮਿਥੀ ਹੋਈ ਤਰੀਕ ਲੰਘ ਜਾਣ ਦੇ ਬਾਵਜੂਦ ਵੀ ਪਿੰਡ ਰਾਏਕੇ ਕਲਾਂ ਦੇ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਈਨ ਓਵਰ ਲੋਡ ਹੋਣ ਕਰਕੇ ਬਿਜਲੀ ਬੰਦ ਕੀਤੀ ਗਈ ਹੈ ਅਤੇ ਨਾਲ ਹੀ ਦਿਲਾਸਾ ਦਿੱਤਾ ਕਿ ਪਿਉਰੀ ਗਰਿੱਡ ਤੋਂ ਨਵੀਂ ਲਾਈਨ ਪਾ ਕਿ ਸਪਲਾਈ ਚਾਲੂ ਕੀਤੀ ਜਾਵੇਗੀ। ਪ੍ਰੰਤੂ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਪਨੀਰੀ ਪੱਕ ਜਾਵੇਗੀ ਅਤੇ ਖੇਤਾਂ ਵਿੱਚ ਲਾਉਣ ਦੇ ਯੋਗ ਨਹੀਂ ਰਹੇਗੀ।
ਜਿਸ ਕਾਰਨ ਮਹਿੰਗੇ ਭਾਅ ਠੇਕੇ 'ਤੇ ਲਈਆਂ ਜਮੀਨਾਂ ਵਿਹਲੀਆਂ ਰਹਿ ਜਾਣਗੀਆਂ ਅਤੇ ਕਿਸਾਨਾਂ 'ਤੇ ਆਰਥਿਕ ਬੋਝ ਪਵੇਗਾ। ਕਿਸਾਨਾਂ ਨੇ ਕਿਹਾ ਕਿ ਅਗਰ ਜਲਦੀ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਵਿੱਢ ਕੇ ਸੰਬੰਧਿਤ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਓ ਕਰਨਾ ਪਵੇਗਾ।