
ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ (ਟ੍ਰਾਈਸਿਟੀ) ਦੀਆਂ ਤਿੰਨੇ ਨਗਰ ਨਿਗਮਾਂ ਇਸ ਗੱਲ 'ਤੇ ਇਕਮਤ ਹੋ ਗਈਆਂ........
ਐਸ.ਏ.ਐਸ. ਨਗਰ : ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ (ਟ੍ਰਾਈਸਿਟੀ) ਦੀਆਂ ਤਿੰਨੇ ਨਗਰ ਨਿਗਮਾਂ ਇਸ ਗੱਲ 'ਤੇ ਇਕਮਤ ਹੋ ਗਈਆਂ ਹਨ ਕਿ ਇਨ੍ਹਾਂ ਨਿਗਮਾਂ ਦੀ ਹਦੂਦ ਵਿਚ ਪੈਂਦੇ ਖੇਤਰ ਵਿਚ ਤਮਾਕੂ ਉਤਪਾਦਾਂ ਦੀ ਵਿਕਰੀ ਲਈ ਲਾਈਸੰਸ ਪ੍ਰਕਿਰਿਆ ਅਪਣਾਈ ਜਾਵੇਗੀ। ਇਸ ਸਬੰਧੀ ਮੋਹਾਲੀ ਨਗਰ ਨਿਗਮ ਭਵਨ ਵਿਖੇ ਹੋਏ ਟ੍ਰਾਈਸਿਟੀ ਦੇ ਉੱਚ ਅਧਿਕਾਰੀਆਂ ਵਾਸਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਦੁਆਰਾ ਇੰਟਰਨੈਸ਼ਨਲ ਯੂਨੀਅਨ ਅਗੈਂਸਟ ਟਿਊਬਰਕਲੋਸਿਸ ਐਂਡ ਲੰਗ ਡਿਜ਼ੀਜ਼ (ਦਾ ਯੂਨੀਅਨ) ਦੇ ਸਹਿਯੋਗ ਨਾਲ ਲਗਾਈ ਵਰਕਸ਼ਾਪ ਦੌਰਾਨ ਇਹ ਫ਼ੈਸਲਾ ਕੀਤਾ ਗਿਆ।
ਵਰਕਸ਼ਾਪ ਦਾ ਮੁੱਖ ਉਦੇਸ਼ ਤਮਾਕੂ ਉਤਪਾਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਨੀਤੀ ਵਰਕਸ਼ਾਪ ਵਿਚ ਮੋਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ, ਪੰਚਕੂਲਾ ਨਗਰ ਨਿਗਮ ਦੀ ਮੇਅਰ ਉਪਿੰਦਰ ਕੌਰ ਆਹਲੂਵਾਲੀਆ, ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਅਵਨੀਤ ਕੌਰ, ਸੀਨੀਅਰ ਤਕਨੀਕੀ ਸਲਾਹਕਾਰ ਅਸ਼ੀਸ਼ ਪਾਂਡੇ, ਸੰਸਥਾ ਸੀਡਜ਼, ਨਵੀਂ ਦਿੱਲੀ ਦੇ ਕਾਰਜਕਾਰੀ ਡਾਇਰੈਕਟਰ ਦੀਪਕ ਮਿਸ਼ਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਵਰਕਸ਼ਾਪ ਵਿਚ ਤਮਾਕੂ ਕੰਟਰੋਲ ਲਈ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਵਿਚ ਤਾਲਮੇਲ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਇਨ੍ਹਾਂ ਤਿੰਨਾਂ ਸ਼ਹਿਰਾਂ ਦੀਆਂ ਹੱਦਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਮੀਟਿੰਗ ਵਿਚ ਇਸ ਗੱਲ 'ਤੇ ਵੀ ਚਰਚਾ ਹੋਈ ਕਿ ਜੇ ਕੋਈ ਸ਼ਹਿਰ ਤਮਾਕੂ ਕੰਟਰੋਲ ਲਈ ਕਿਸੇ ਕਾਨੂੰਨ ਦੇ ਅੰਦਰ ਸਖ਼ਤੀ ਵਿਖਾਉਂਦਾ ਹੈ ਤਾਂ ਦੂਜੇ ਸ਼ਹਿਰ ਵਿਚ ਇਸ ਦਾ ਉਲੰਘਣਾ ਸ਼ੁਰੂ ਹੋ ਜਾਂਦੀ ਹੈ। ਤਮਾਕੂ ਦੀ ਵਿਕਰੀ ਨੂੰ ਖਾਣ- ਪੀਣ ਵਾਲਿਆਂ ਵਸਤਾਂ ਦੀ ਵਿਕਰੀ ਤੋਂ ਅਲੱਗ ਕੀਤੇ ਜਾਣ ਸਬੰਧੀ ਵੀ ਚਰਚਾ ਹੋਈ ਅਤੇ ਇਹ ਫ਼ੈਸਲਾ ਕੀਤਾ ਗਿਆ
ਕਿ ਤਮਾਕੂ ਉਤਪਾਦਾਂ ਦੀ ਵਿਕਰੀ ਲਈ ਲਾਈਸੰਸ ਸਿਸਟਮ ਸ਼ੁਰੂ ਕੀਤਾ ਜਾਵੇ। ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਤਿੰਨਾਂ ਸ਼ਹਿਰਾਂ ਦੇ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਇਕ ਛੱਤ ਥੱਲੇ ਇਕੱਠਾ ਕਰਨਾ ਅਤੇ ਇਕ ਸਾਂਝੀ ਨੀਤੀ ਬਣਾਉਣ 'ਤੇ ਚਰਚਾ ਕਰਨਾ ਅਪਣੇ ਆਪ ਵਿਚ ਬਹੁਤ ਵੱਡਾ ਉਪਰਾਲਾ ਹੈ। ਪੰਚਕੂਲਾ ਦੀ ਮੇਅਰ ਉਪਿੰਦਰ ਕੌਰ ਆਹਲੂਵਾਲੀਆ ਨੇ ਕਿਹਾ ਕਿ ਉਹ ਹਰ
ਉਸ ਨੀਤੀ ਨਿਰਮਾਣ ਅਤੇ ਉਸ ਦੀ ਪਾਲਣਾ ਲਈ ਵਚਨਬੱਧ ਹਨ, ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਤਮਾਕੂ ਕੰਟਰੋਲ ਲਈ ਲਈ ਮੋਹਾਲੀ ਅਤੇ ਚੰਡੀਗੜ੍ਹ ਨਗਰ ਨਿਗਮਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣਗੇ।