
ਬਲੋਚ ਤੇ ਸਿੰਧੀ ਸੰਗਠਨਾਂ ਨੇ ਲੰਡਨ ’ਚ ਪਾਕਿਸਤਾਨ
ਲੰਡਨ, 26 ਜੂਨ : ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਬਲੋਚ ਨੈਸ਼ਨਲ ਮੂਵਮੈਂਟ ਦੇ ਡਾ. ਦੀਨ ਮੁਹੰਮਦ ਬਲੋਚ ਦੇ ਲਾਪਤਾ ਹੋਣ ਦੇ 12 ਸਾਲ ਪੂਰੇ ਹੋਣ ਦੇ ਮੌਕੇ ’ਤੇ ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਰਿਹਾਇਸ਼ ਦੇ ਸਾਹਮਣੇ ਪਾਕਿਸਤਾਨ ਵਿਰੁਧ ਪ੍ਰਦਰਸ਼ਨ ਕੀਤਾ ਗਿਆ। ਇਸ ’ਚ ਬੀ.ਐਨ.ਐਮ. ਵਰਕਰਾਂ ਤੋਂ ਇਲਾਵਾ ਬਲੋਚ ਰਿਪਬਲਿਕ ਪਾਰਟੀ (ਬੀ.ਆਰ.ਪੀ.), ਬਲੋਚ ਮਨੁੱਖੀ ਅਧਿਕਾਰ ਸੰਗਠਨ ਤੇ ਵਿਸ਼ਵ ਸਿੰਧੀ ਕਾਂਗਰਸ ਦੇ ਕਾਰਜਕਰਤਾਵਾਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੀ.ਐਨ.ਐਸ. ਦੇ ਪ੍ਰਧਾਨ ਹਕੀਮ ਬਲੋਚ ਨੇ ਕਿਹਾ ਕਿ ਬੀ.ਐਨ.ਐਮ. ਇਕਜੁੱਟ ਹੈ ਤੇ ਸੰਘਰਸ਼ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਬਲੋਚ ਸਿੰਧੀ ਫ਼ੋਰਮ ਇਸ ਦਾ ਇਕ ਉਦਾਹਰਨ ਹੈ।’’ ਉਨ੍ਹਾਂ ਕਿਹਾ ਕਿ ‘‘ਸਾਡਾ ਵਿਰੋਧ ਸਾਡੇ ਨੇਤਾ ਡਾ. ਦੀਨ ਮੁਹੰਮਦ ਬਲੋਚ ਦੇ 12 ਸਾਲ ਦੇ ਲੰਮੇ ਸਮੇਂ ਤਕ ਗ਼ਾਇਬ ਰਹਿਣ ਦੇ ਵਿਰੁਧ ਹੈ। ਅਸੀਂ ਸਾਰੇ ਇਕੋ ਮੰਚ ’ਤੇ ਸੰਘਰਸ਼ ਕਰ ਰਹੇ ਹਾਂ ਕਿ ਡਾ. ਦੀਨ ਮੁਹੰਮਦ ਬਲੋਚ ਨੂੰ ਪਾਕਿਸਤਾਨੀ ਖ਼ੂਫ਼ੀਆਂ ਏਜੰਸੀਆਂ ਨੇ ਚੁਕ ਲਿਆ ਤੇ ਗ਼ਾਇਬ ਕਰ ਦਿਤਾ। ਹਕੀਮ ਨੇ ਕਿਹਾ ਕਿ ਦੋ ਹੋਰ ਬੀ.ਐਨ.ਐਮ. ਨੇਤਾ, ਗਫ਼ੂਰ ਬਲੋਚ ਤੇ ਰਮਜ਼ਾਨ ਬਲੋਚ ਵੀ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਲਾਪਤਾ ਹਨ। ਇਸੇ ਤਰ੍ਹਾਂ ਹੀ ਵਿਦਿਆਰਥੀ ਨੇਤਾ ਜ਼ਾਕਿਰ ਮਜੀਦ ਬਲੋਚ 12 ਸਾਲਾਂ ਤੋਂ ਲਪਤਾ ਹਨ।’’
ਉਨ੍ਹਾਂ ਕਿਹਾ ਕਿ ਪਾਕਿ ਫ਼ੌਜ ਤੇ ਖ਼ੂਫ਼ੀਆ ਏਜੰਸੀ ਵਲੋਂ ਕਈ ਬਲੋਚ ਤੇ ਸਿੰਧੀ ਸਿਆਸੀ ਕਾਰਜਕਰਤਾਵਾਂ ਨੂੰ ਅਗ਼ਵਾ ਕੀਤਾ ਤੇ ਮਾਰ ਦਿਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਹੀਨੇ 20 ਤੋਂ ਜ਼ਿਆਦਾ ਬਲੋਚ ਲੋਕਾਂ ਨੂੰ ਅਗ਼ਵਾ ਕੀਤਾ ਗਿਆ। ਜੋ ਲੋਕ ਇਨ੍ਹਾਂ ਅਤਿਆਚਾਰਾਂ ਵਿਰੁਧ ਬੋਲਦੇ ਹਨ, ਉਨ੍ਹਾਂ ਨੂੰ ਵੀ ਜਬਰਨ ਗ਼ਾਇਬ ਕਰ ਦਿਤਾ ਜਾਂਦਾ ਹੈ। (ਏਜੰਸੀ)
ਬਲੋਚ ਨੇਤਾ ਨੇ ਕਿਹਾ ਕਿ ਇਕ ਹੋਰ ਮੁੱਦਾ ਜੋ ਬਲੋਚ ਤੇ ਸਿੰਧੀ ਦੋਵਾਂ ਨੂੰ ਪ੍ਰਭਾਵਤ ਕਰਦਾ ਹੈ, ਉਹ ਹੈ ਚੀਨ-ਪਾਕਿਸਤਾਨ ਆਰਥਕ ਗਲਿਆਰੇ (ਸੀ.ਪੀ.ਈ.ਸੀ.) ਦੇ ਰੂਪ ’ਚ ਬਲੋਚਿਸਤਾਨ ਤੇ ਸਿੰਧ ’ਤੇ ਚੀਨ ਦਾ ਹਮਲਾ। ਗਵਾਦਰ ’ਚ ਸਥਾਨਕ ਲੋਕ ਪਾਣੀ ਤੇ ਬਿਜਲੀ ਲਈ ਵਿਰੋਧ ਕਰ ਰਹੇ ਹਨ। ਹਕੀਮ ਨੇ ਕਿਹਾ, ‘‘ਬਲੋਚ ਗਵਾਦਰ ਲਈ ਲੜੇ ਹਨ ਤੇ ਅੱਗੇ ਵੀ ਅਪਣੀ ਲੜਾਈ ਜਾਰੀ ਰੱਖਣਗੇ।’’ (ਏਜੰਸੀ)