
ਲੱਖਾ ਸਿਧਾਣਾ ਦੀ ਗਿ੍ਫ਼ਤਾਰੀ 'ਤੇ ਦਿੱਲੀ ਅਦਾਲਤ ਨੇ ਰੋਕ ਲਗਾਈ
ਨਵੀਂ ਦਿੱਲੀ, 26 ਜੂਨ (ਸੁਖਰਾਜ ਸਿੰਘ): ਦਿੱਲੀ ਦੀ ਇਕ ਅਦਾਲਤ ਨੇ ਲੱਖਾ ਸਿਧਾਣਾ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿਤੀ ਹੈ | ਇਸ ਸਬੰਧੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਦਿੱਲੀ ਕਮੇਟੀ ਵਲੋਂ ਕੀਤੇ ਯਤਨਾਂ ਸਦਕਾ ਲੱਖਾ ਸਿਧਾਣਾ ਦੇ ਮਾਮਲੇ ਵਿਚ ਐਫ਼.ਆਈ.ਆਰ. ਨੰਬਰ 96/2021 ਦੀ ਅੱਜ ਤੀਸ ਹਜ਼ਾਰੀ ਸੈਸ਼ਨਜ਼ ਅਦਾਲਤ ਵਿਚ ਸੁਣਵਾਈ ਸੀ | ਇਥੇ ਸੀਨੀਅਰ ਵਕੀਲ ਰਮੇਸ਼ ਗੁਪਤਾ ਤੇ ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਵਕੀਲ ਜਸਪ੍ਰੀਤ ਰਾਏ, ਜਸਦੀਪ ਢਿੱਲੋਂ ਤੇ ਵਰਿੰਦਰ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੁੰਦੇ ਹੋਏ ਜੱਜ ਨੇ ਲੱਖਾ ਸਿਧਾਣਾ ਦੀ ਗਿ੍ਫ਼ਤਾਰੀ 'ਤੇ ਅਗਲੀ ਪੇਸ਼ੀ ਤੱਕ ਰੋਕ ਲਗਾ ਦਿਤੀ ਹੈ |
ਉਨ੍ਹਾਂ ਦਸਿਆ ਕਿ ਅਸੀਂ ਦਲੀਲ ਦਿਤੀ ਸੀ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਘਟਨਾਕ੍ਰਮ ਵਾਪਰਨ ਵੇਲੇ ਲੱਖਾ ਸਿਧਾਣਾ ਉਥੇ ਮੌਜੂਦ ਨਹੀਂ ਸੀਇਹ ਗੱਲ ਦਿੱਲੀ ਪੁਲਿਸ ਨੇ ਵੀ ਪ੍ਰਵਾਨ ਕੀਤੀ ਹੈ ਕਿ ਲੱਖਾ ਸਿਧਾਣਾ 26 ਜਨਵਰੀ ਨੁੰ ਲਾਲ ਕਿਲ੍ਹੇ ਵਿਚ ਦਾਖਲ ਨਹੀਂ ਹੋਇਆ |ਉਨ੍ਹਾਂ ਦੱਸਿਆ ਕਿ ਹੁਣ ਅਦਾਲਤ ਨੇ ਅਗਲੀ ਪੇਸ਼ੀ 3 ਜੁਲਾਈ ਲਈ ਨਿਰਧਾਰਿਤ ਕੀਤੀ ਹੈ ਤੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਸ ਤਾਰੀਕ ਤੱਕ ਉਸ ਨੂੰ ਗਿ੍ਫਤਾਰ ਨਾ ਕੀਤਾ ਜਾਵੇ |ਇਥੇ ਦੱਸਣਯੋਗ ਹੈ ਕਿ ਦਿੱਲੀ ਕਮੇਟੀ ਦੇ ਯਤਨਾਂ ਦੀ ਬਦੌਲਤ ਦਿੱਲੀ ਪੁਲਿਸ ਵੱਲੋਂ 150 ਤੋਂ ਵੱਧ ਪੰਜਾਬੀ ਨੌਜਵਾਨਾਂ ਖਿਲਾਫ ਪਾਏ ਝੂਠੇ ਕੇਸਾਂ ਵਿਚ ਗਿ੍ਫਤਾਰ ਹੋਏ ਨੌਜਵਾਨਾਂ ਨੂੰ ਜ਼ਮਾਨਤ ਦੁਆਈ ਗਈ ਹੈ ਜਦਕਿ ਕੁਝ ਕੇਸਾਂ ਵਿਚ ਪੇਸ਼ਗੀ ਜ਼ਮਾਨਤ ਮਿਲੀ ਹੈ |ਦਿੱਲੀ ਪੁਲਿਸ ਨੇ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਖਿਲਾਫ ਬਿਲਕੁਲ ਝੂਠੇ ਤੇ ਬੇਬੁਨਿਆਦੀ ਕੇਸ ਦਰਜ ਕੀਤੇ ਸਨ ਤੇ ਇਥੋਂ ਤੱਕ ਕਿ ਦੇਸ਼ ਧਰੋਹ ਵਰਗੇ ਗੰਭੀਰ ਦੋਸ਼ ਵੀ ਇਨ੍ਹਾਂ ਖਿਲਾਫ ਲਗਾ ਦਿੱਤੇ ਸਨ ਜਿਨ੍ਹਾਂ ਨੁੰ ਵੱਖ-ਵੱਖ ਅਦਾਲਤਾਂ ਨੇ ਪ੍ਰਵਾਨ ਨਹੀਂ ਕੀਤਾ ਤੇ ਫੜੇ ਨੌਜਵਾਨਾਂ ਨੂੰ ਜ਼ਮਾਨਤ ਦੇ ਦਿੱਤੀ |ਸ. ਸਿਰਸਾ ਨੇ ਕਿਹਾ ਕਿ ਅਸੀਂ ਸਿਰਫ ਜ਼ਮਾਨਤਾ ਲੈਣ ਜਾਂ ਪੇਸ਼ਗੀ ਜ਼ਮਾਨਤਾਂ ਲੈਣ ਤੱਕ ਸੀਮਤ ਨਹੀਂ ਰਹਾਂਗੇ ਬਲਕਿ ਇਨ੍ਹਾਂ ਸਾਰੇ ਕੇਸਾਂ ਵਿਚ ਨੌਜਵਾਨਾਂ ਨੁੰ ਬਾਇੱਜ਼ਤ ਬਰੀ ਕਰਵਾ ਕੇ ਛੱਡਾਂਗੇ |