
ਹਜ਼ਾਰਾਂ ਕਿਸਾਨਾਂ ਦੇ ਕਾਫ਼ਲਿਆਂ ਨੂੰ ਜਲ ਤੋਪਾਂ ਦੀਆਂ ਬੁਛਾੜਾਂ ਵੀ ਨਾ ਰੋਕ ਸਕੀਆਂ, ਬੈਰੀਕੇਡ ਟੁੱਟੇ
ਪੁਲਿਸ ਦੀਆਂ ਸੱਭ ਰੋਕਾਂ ਹਟਾ ਕੇ ਕਿਸਾਨ ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਬਾਅਦ ਪੁੱਜੇ ਰਾਜ ਭਵਨ ਨੇੜੇ
ਚੰਡੀਗੜ੍ਹ, 26 ਜੂਨ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਅੱਜ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਬਾਅਦ 3 ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਤਕ ਆਵਾਜ਼ ਪਹੁੰਚਾਉਣ ਲਈ ਰਾਜ ਭਵਨਾਂ ਦੇ ਘਿਰਾਉ ਦੇ ਸੱਦੇ ਤਹਿਤ ਕਿਸਾਨ ਆਗੂਆਂ ਦੇ ਅਨੁਮਾਨ ਤੋਂ ਵੀ ਵੱਧ ਗਿਣਤੀ ਵਿਚ ਪੰਜਾਬ ਭਰ ਵਿਚੋਂ ਪਹੁੰਚੇ ਕਿਸਾਨਾ ਦੇ ਕਾਫ਼ਲਿਆਂ ਨੂੰ ਪੁਲਿਸ ਵਲੋਂ ਜਲ ਤੋਪਾਂ ਨਾਲ ਮਾਰੀਆਂ ਪਾਣੀ ਦੀਆਂ ਬੁਛਾੜਾਂ ਨਹੀਂ ਰੋਕ ਸਕੀਆਂ | ਏਨੀ ਵੱਡੀ ਗਿਣਤੀ ਵਿਚ ਪੁਲਿਸ ਦੀਆਂ ਰੋਕਾਂ ਤੋੜ ਕੇ ਕਿਸਾਨ 18 ਸਾਲ ਬਾਅਦ ਰਾਜਧਾਨੀ 'ਚ ਦਾਖ਼ਲ ਹੋਣ ਵਿਚ ਸਫ਼ਲ ਹੋਏ ਹਨ | ਜ਼ਿਕਰਯੋਗ ਹੈ ਕਿ 18 ਸਾਲ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਕਿਸਾਨ ਸੰਗਠਨਾਂ ਵਲੋਂ ਵੱਡਾ ਪ੍ਰਦਰਸ਼ਨ ਹੋਇਆ ਸੀ ਜਿਸ ਵਿਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਜਮ ਕੇ ਝੜਪਾਂ ਵੀ ਹੋਈਆਂ ਸਨ | ਇਸ ਤੋਂ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਵੱਡੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿਤੀ ਗਈ ਸੀ |
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੁਲਿਸ ਦੇ ਸਾਰੇ ਬੈਰੀਕੇਡ ਤੋੜਦੇ ਹੋਏ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਦਾਖ਼ਲ ਹੋ ਗਏ ਅਤੇ ਸੈਕਟਰ 43 ਹੁੰਦੇ ਹੋਏ ਸ਼ਹਿਰ ਦੇ ਐਨ ਵਿਚਕਾਰਲੇ ਸੈਕਟਰਾਂ 'ਚੋਂ ਦੀ ਹੁੰਦੇ ਹੋਏ ਸੈਕਟਰ 17-18 ਤੋਂ ਬਾਅਦ ਐਨ ਰਾਜ ਭਵਨ (ਗਵਰਨਰ ਹਾਊਸ) ਦੇ ਨੇੜੇ ਤਕ ਜਾ ਪਹੁੰਚੇ | ਕਿਸਾਨ ਅੰਦੋਲਨ ਦੇ ਦਿੱਲੀ ਹੱਦਾਂ 'ਤੇ ਸ਼ੁਰੂ ਹੋਣ ਤੋਂ ਪਹਿਲਾਂ ਸ਼ੰਭੂ ਬਾਰਡਰ ਤੋਂ ਸੱਭ ਰੋਕਾਂ ਤੋੜਕੇ ਅੱਗੇ ਵਧਣ ਦੇ ਦਿ੍ਸ਼ ਅੱਜ ਦੁਹਰਾਏ ਗਏ |
26 ਜਨਵਰੀ ਦਿੱਲੀ 'ਚ ਮਾਰਚ ਸਮੇਂ ਦੀ ਸਥਿਤੀ ਪ੍ਰਮੁੱਖ ਕਿਸਾਨ ਆਗੂਆਂ ਦੇ ਦਖ਼ਲ ਅਤੇ ਪੁਲਿਸ ਵਲੋਂ ਸਥਿਤੀ ਨੂੰ ਭਾਂਪਦਿਆਂ ਵਰਤੇ ਗਏ ਸੰਜਮ ਕਾਰਨ ਬਣਦੇ ਬਣਦੇ ਬਚਾਅ ਹੋ ਗਿਆ |
ਜ਼ਿਕਰਯੋਗ ਹੈ ਕਿ ਮੋਹਾਲੀ ਵਿਚ ਇਕੱਠੇ ਹੋਣ ਬਾਅਦ ਜਿਉਂ ਹੀ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ ਅਤੇ ਉਹ ਚੰਡੀਗੜ੍ਹ ਦੀ ਹੱਦ ਉਪਰ ਗੀਤਾ ਮੰਦਰ ਦੇ ਪੁਲ ਨੇੜੇ ਪਹੁੰਚੇ ਤਾਂ ਭਾਰੀ ਪੁਲਿਸ ਨੇ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ | ਇਸੇ ਦੌਰਾਨ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲੱਖੋਵਾਲ ਅਧਿਕਾਰੀਆਂ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਅਚਾਨਕ ਬਿਨਾਂ ਕਿਸੇ ਚੇਤਾਵਨੀ ਦੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਪਰ ਜਲ ਤੋਪਾਂ ਨਾਲ ਤੇਜ਼ ਬੁਛਾੜਾਂ ਸ਼ੁਰੂ ਕਰ ਦਿਤੀਆਂ | ਇਸ ਵਿਚ ਕਿਸਾਨ ਆਗੂ ਲੱਖੋਵਾਲ ਸਮੇਤ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ | ਇਸ ਤੋਂ ਬਾਅਦ ਪ੍ਰਦਰਸ਼ਨ ਵਿਚ ਸ਼ਾਮਲ ਨੌਜਵਾਨਾਂ ਦਾ ਗੁੱਸਾ ਭੜਕ ਉਠਿਆ
ਅਤੇ ਉਨ੍ਹਾਂ ਨੇ ਟਰੈਕਟਰਾਂ ਨਾਲ ਪੁਲਿਸ ਦੇ ਵੱਡੇ ਵੱਡੇ ਬੈਰੀਕੇਡ ਉਖਾੜਨੇ ਸ਼ੁਰੂ ਕਰ ਕੀਤੇ ਅਤੇ ਕਾਫ਼ਲੇ ਦੀਆਂ ਰੋਕਾਂ ਤੋੜ ਕੇ ਅੱਗੇ ਵਧ ਗਏ ਅਤੇ ਉਪਰ ਚੜ੍ਹ ਕੇ ਪੁਲਿਸ ਦੀਆਂ ਜਲ ਤੋਪਾਂ ਦੇ ਮੂੰਹ ਬੰਦ ਕਰ ਦਿਤੇ | ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੇ ਪ੍ਰਬੰਧ ਧਰੇ ਧਰਾਏ ਰਹਿ ਗਏ | ਇਸ ਤੋਂ ਬਾਅਦ ਕਿਸਾਨਾਂ ਨੇ ਪਿਛੇ ਮੁੜ ਕੇ ਨਹੀਂ ਵੇਖਿਆ ਤੇ ਸ਼ਹਿਰ ਵਿਚ ਦਾਖ਼ਲ ਹੋ ਕੇ ਰਾਜ ਭਵਨ ਤਕ ਜਾ ਪਹੁੰਚੇ |
ਆਖਰ ਰਾਜ ਭਵਨ ਨੇੜੇ ਪਹੁੰਚਣ 'ਤੇ ਰਾਜਪਾਲ ਤਰਫ਼ੋਂ ਖੁਦ ਡਿਪਟੀ ਕਮਿਸ਼ਨਰ ਉਥੇ ਰਾਸ਼ਟਰਪਤੀ ਦੇ ਨਾਂ ਲਿਖਿਆ ਕਿਸਾਨ ਮੋਰਚੇ ਦਾ ਮੰਗ ਪੱਤਰ ਲੈਣ ਪਹੁੰਚੇ | ਇਕ ਵਾਰ ਤਾਂ ਚੰਡੀਗੜ੍ਹ ਵਿਚ ਦਾਖ਼ਲ ਹੋਣ ਬਾਅਦ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਰੋਕਾਂ ਖੜੀਆਂ ਕਰਨ ਲਈ ਪੁਲਿਸ ਵਲੋਂ ਰਸਤੇ ਵਿਚ ਖੜ੍ਹੀਆਂ ਕੀਤੀਆਂ ਬੱਸਾਂ ਅਤੇ ਰੇਤੇ ਦੇ ਭਰੇ ਟਿੱਪਰ ਵਗੈਰਾ ਹਟਾਉਣੇ ਸ਼ੁਰੂ ਕਰ ਦਿਤੇ ਸਨ ਪਰ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ | ਇਸ ਕਾਰਨ 26 ਜਨਵਰੀ ਵਾਲੀ ਸਥਿਤੀ ਬਣਦੇ ਬਣਦੇ ਬਚਾਅ ਹੋ ਗਿਆ | ਕਿਸਾਨਾਂ ਦੇ ਚੰਡੀਗੜ੍ਹ ਦਾਖ਼ਲ ਹੋਣ ਬਾਅਦ 2 ਘੰਟੇ ਤਕ ਸਾਰੇ ਸੈਕਟਰਾਂ ਵਿਚ ਜਾਮ ਦੀ ਸਥਿਤੀ ਬਣੀ ਰਹੀ | ਆਖਰ 3 ਵਜੇ ਕਿਸਾਨ ਆਗੂਆਂ ਵਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪੇ ਜਾਣ ਬਾਅਦ ਪ੍ਰਦਰਸ਼ਨਕਾਰੀ ਸ਼ਾਂਤਮਈ ਤਰੀਕੇ ਨਾਲ ਵਾਪਸ ਪਰਤ ਗਏ | ਇਸ ਬਾਅਦ ਚੰਡੀਗੜ੍ਹ ਪੁਲਿਸ ਨੂੰ ਵੀ ਸੁੱimageਖ ਦਾ ਸਾਹ ਆਇਆ |
ਜ਼ਿਕਰਯੋਗ ਹੈ ਕਿ ਅੱਜ ਦੇ ਕਿਸਾਨ ਮਾਰਚ ਦੀ ਅਗਵਾਈ ਖੁਦ ਪ੍ਰਮੁੱਖ ਕਿਸਾਨ ਆਗੂ ਕਰ ਰਹੇ ਸਨ | ਇਨ੍ਹਾਂ ਵਿਚ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਕਾਦੀਆਂ, ਰੁਲਦੂ ਸਿੰਘ, ਰਜਿੰਦਰ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਬੂਟਾ ਸਿੰਘ ਸ਼ਾਦੀਪੁਰ ਦੇ ਨਾਂ ਜ਼ਿਕਰਯੋਗ ਹਨ |