
ਰਾਏਕੋਟ ਨਜ਼ਦੀਕ ਦਰਦਨਾਕ ਸੜਕ ਹਾਦਸੇ 'ਚ ਚਾਚੇ-ਭਤੀਜੇ ਦੀ ਮੌਤ
ਰਾਏਕੋਟ, 26 ਜੂਨ (ਜਸਵੰਤ ਸਿੰਘ ਸਿੱਧੂ): ਬਰਨਾਲਾ-ਲੁਧਿਆਣਾ ਮਾਰਗ 'ਤੇ ਡਰੇਨ ਪੁਲ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਚੇ-ਭਤੀਜੇ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ਕੁਮਾਰ ਭੰਡਾਰੀ ਅਤੇ ਉਸ ਦਾ ਭਤੀਜਾ ਤਰੁਣ ਕੁਮਾਰ ਭੰਡਾਰੀ ਵਾਸੀ ਰਾਏਕੋਟ ਅਪਣੇ ਮੋਟਰਸਾਈਕਲ ਨੰਬਰ ਪੀਬੀ 10ਈਟੀ 2745 'ਤੇ ਸਵਾਰ ਹੋ ਕੇ ਜਲਾਲਦੀਵਾਲ ਵਲੋਂ ਰਾਏਕੋਟ ਨੂੰ ਵਾਪਸ ਆ ਰਹੇ ਸਨ | ਜਦੋਂ ਉਹ ਡਰੇਨ ਪੁਲ ਦੇ ਨਜ਼ਦੀਕ ਪੁੱਜੇ ਤਾਂ ਬਰਨਾਲਾ ਸਾਈਡ ਤੋਂ ਆ ਰਹੀਆਂ ਤੇਜ਼ ਰਫ਼ਤਾਰ ਦੋ ਕਾਰਾਂ ਦੇ ਬੇਕਾਬੂ ਹੋ ਜਾਣ ਕਾਰਨ ਰਾਜ ਕੁਮਾਰ ਭੰਡਾਰੀ ਅਤੇ ਉਸ ਦਾ ਭਤੀਜਾ ਤਰੁਨ ਕੁਮਾਰ ਭੰਡਾਰੀ ਉਕਤ ਕਾਰਾਂ ਦੀ ਲਪੇਟ 'ਚ ਆ ਜਾਣ ਕਾਰਨ ਹਾਦਸਾ ਵਾਪਰ ਗਿਆ | ਪ੍ਰਤੱਖਦਰਸ਼ੀਆਂ ਅਨੁਸਾਰ ਦੋਵੇਂ ਗੱਡੀਆਂ ਦੀ ਸਪੀਡ ਬਹੁਤ ਜਿਆਦਾ ਤੇਜ਼ ਸੀ | ਇਕ ਗੱਡੀ ਹਾਦਸਾ ਹੋਣ ਕਾਰਨ ਨਜ਼ਦੀਕ ਖੇਤਾਂ ਵਿਚ ਜਾ ਡਿੱਗੀ ਤੇ ਦੂਸਰੀ ਕਾਰ ਦਾ ਚਾਲਕ ਮੌਕੇ ਤੋਂ ਗੱਡੀ ਲੈ ਕੇ ਫ਼ਰਾਰ ਹੋ ਗਿਆ | ਤਰੁਣ ਭੰਡਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਰਾਜ ਕੁਮਾਰ ਭੰਡਾਰੀ ਨੂੰ ਇਲਾਜ ਲਈ ਰਾਏਕੋਟ ਦੇ ਪ੍ਰਾਈਵੇਟ ਹਸਪਤਾਲ 'ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿਤਾ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਦੇ ਇੰਚਾਰਜ ਵਿਨੋਦ ਕੁਮਾਰ ਮੌਕੇ ਤੇ ਪੁੱਜੇ ਅਤੇ ਹਾਦਸੇ ਦਾ ਜਾਇਜ਼ਾ ਲਿਆ | ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਏਐਸਆਈ ਬਲਵੀਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ | ਪੀੜਤਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |