
ਕਿਹਾ, ਜੇ ਗੁਰਬਾਣੀ ਪ੍ਰਸਾਰਣ ਨਾਲ ਪੀ.ਟੀ.ਸੀ. ਨੂੰ ਕੋਈ ਲਾਭ ਨਹੀਂ ਹੈ ਤਾਂ ਉਹ ਇਸ ਮਸਲੇ ਨੂੰ ਛੱਡ ਦੇਵੇ
ਚੰਡੀਗੜ੍ਹ (ਰਮਨਦੀਪ ਕੌਰ/ਚਰਨਜੀਤ ਸਿੰਘ ਸੁਰਖਾਬ) : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਕੀਤੇ ਜਾਣ ’ਤੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾ ਨੇ ਕਿਹਾ,‘‘ਮੈਂ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨੂੰ ਕਿਹਾ ਕਿ ਤੁਸੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ’ਚ ਦਖ਼ਲਅੰਦਾਜੀ ਕਰਨ ਤੋਂ ਰੋਕ ਕਿਉਂ ਰਹੇ ਹੋ? ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਪੰਥ ਦੀ ਬਾਂਹ ਮਰੋੜ ਕੇ ਸੁਖਬੀਰ ਸਿੰਘ ਬਾਦਲ ਨੇ (ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲਾ) ਹੁਕਮਨਾਮਾ ਜਾਰੀ ਕਰਵਾਇਆ ਗਿਆ ਸੀ। ਕੀ ਉਹ ਦਖ਼ਲ ਅੰਦਾਜੀ ਨਹੀਂ ਸੀ?’’
ਉਨ੍ਹਾਂ ਅੱਗੇ ਕਿਹਾ,‘‘ਜਦੋਂ (ਸੌਦਾ ਸਾਧ ਨੂੰ ਮੁਆਫ਼ੀ ਦੇਣ ਨੂੰ ਜਾਇਜ਼ ਠਹਿਰਾਉਣ ਲਈ) 90 ਲੱਖ ਦੇ ਇਸ਼ਤਿਹਾਰ ਦਿਤੇ ਕੀ ਉਹ ਰਾਜਨੀਤਕ ਦਖ਼ਲਅੰਦਾਜੀ ਨਹੀਂ ਸੀ? ਜੇ ਅੱਜ ਭਗਵੰਤ ਮਾਨ ਨੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਚੁਕਿਆ ਤਾਂ ਤੁਸੀਂ ਚੀਕਾਂ ਮਾਰਨ ਲੱਗ ਗਏ ਹੋ।’’ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੇ 92 ਸੀਟਾਂ ਦੇ ਕੇ ਜਿਤਾਇਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ’ਚ ਕਮੀਆਂ ਸਨ। ਉਨ੍ਹਾਂ ਅੱਗੇ ਕਿਹਾ, ‘‘ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸਨ ਕਿ ‘ਹਰਿਆਣਾ ਗੁਰਦੁਆਰਾ ਕਮੇਟੀ ਸਾਡੀਆਂ ਲਾਸ਼ਾਂ ’ਤੇ ਬਣੇਗੀ’। ਹੁਣ ਉਹ ਲਾਸ਼ਾਂ ਕਿੱਥੇ ਗਈਆਂ? ਫਿਰ ਵੀ ਹਰਿਆਣਾ ਕਮੇਟੀ ਹੋਂਦ ’ਚ ਆ ਗਈ। ਇਹ ਕੁੱਝ ਨਹੀਂ ਕਰ ਸਕੇ।’’
ਉਨ੍ਹਾਂ ਕਿਹਾ, ‘‘ਅੱਜ ਇਹ ਭੁੱਲ ਜਾਣ ਕਿ ਧਰਮ ਯੁੱਧ ਸ਼ੁਰੂ ਕਰ ਕੇ ਲੱਖਾਂ ਲੋਕ ਇਨ੍ਹਾਂ ਪਿੱਛੇ ਗਿ੍ਰਫ਼ਤਾਰੀਆਂ ਦੇਣਗੇ। ਲੋਕ ਅੱਕੇ ਹੋਏ ਹਨ। ਉਹ ਸ਼੍ਰੋਮਣੀ ਅਕਾਲੀ ਦਲ ਤੇ ਦਰਬਾਰ ਸਾਹਿਬ ਨੂੰ ਚਾਹੁੰਦੇ ਹਨ ਪਰ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਚਾਹੁੰਦੇ। ਲੋਕ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਨੁਮਾਇੰਦਗੀ ਕਰੇ।’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲ-ਦੋ ਸਾਲ ’ਚ ਵੋਟਾਂ ਹੋਣਗੀਆਂ ਫਿਰ ਇਹ ਕੀ ਕਰਨਗੇ? ਉਨ੍ਹਾਂ ਗੁਰਬਾਣੀ ਦੇ ਪ੍ਰਸਾਰਣ ਮੁੱਦੇ ’ਤੇ ਬੋਲਦਿਆਂ ਕਿਹਾ, ‘‘ਜੇਕਰ ਗੁਰਬਾਣੀ ਪ੍ਰਸਾਰਣ ਨਾਲ ਪੀ.ਟੀ.ਸੀ. ਨੂੰ ਕੋਈ ਲਾਭ ਨਹੀਂ ਹੈ ਤਾਂ ਉਹ ਇਸ ਮਸਲੇ ਨੂੰ ਛੱਡ ਦੇਵੇ ਕਿਉਂਕਿ ਉਨ੍ਹਾਂ ਨੇ ਹਰ ਸਮੇਂ ਅਪਣੇ ਚੈਨਲ ’ਤੇ ਬੀਬਾ ਜੀ.. ਬੀਬਾ ਜੀ... ਹਰਸਿਮਰਤ ਜੀ.. ਹਰਸਿਮਰਤ ਜੀ... ਸੁਖਬੀਰ ਜੀ... ਸੁਖਬੀਰ ਜੀ..., ਮਜੀਠੀਆ ਜੀ... ਮਜੀਠੀਆ ਜੀ...ਕਰੀ ਜਾਣਾ ਤੇ ਸਾਡੇ ਵਰਗਿਆਂ ਤੋਂ ਮਾਈਕ ਖੋਹੀ ਜਾਣੇ। ਸੱਚ ਬੋਲਣ ਨਾਲ ਇਨ੍ਹਾਂ ਨੂੰ ਤਕਲੀਫ਼ ਹੁੰਦੀ ਹੈ ਤੇ ਉਹ ਏਕਾਧਿਕਾਰ ਖ਼ਤਮ ਹੋਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਖੋਲ੍ਹਣ ਲਈ ਕਿਹਾ ਸੀ ਉਦੋਂ ਤੋਂ ਪੀ.ਟੀ.ਸੀ. ਦਾ ਰੌਲਾ ਪਿਆ ਸੀ। ਇਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢ ਦਿਤਾ। ਇਹ ਸਾਰੇ ਸੁਖਬੀਰ ਬਾਦਲ ਦੀ ਬੋਲੀ ਬੋਲਦੇ ਹਨ।’’