ਨਿਖਿਲ ਨੇ ਆਪਣੀ ਮਾਸੀ ਨੂੰ ਵਟਸਐਪ ਮੈਸੇਜ ਭੇਜ ਕੇ ਤਿੰਨ ਲੋਕਾਂ ਨੂੰ ਠਹਿਰਾਇਆ ਜ਼ਿੰਮੇਵਾਰ
Khanna News : ਖੰਨਾ ਦੇ ਲਲਹੇੜੀ ਰੋਡ ਵਾਸੀ ਇੱਕ ਜੋਤਸ਼ੀ ਦੇ ਬੇਟੇ ਨੇ ਆਪਣੀ ਪ੍ਰੇਮਿਕਾ ,ਉਸਦੀ ਮਾਂ ਅਤੇ ਮਾਮੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਘਰ ਤੋਂ ਥੋੜ੍ਹੀ ਦੂਰ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਆਪਣੀ ਮਾਸੀ ਨੂੰ ਵਟਸਐਪ ਮੈਸੇਜ ਭੇਜ ਕੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਨਿਖਿਲ ਸ਼ਰਮਾ ਵਜੋਂ ਹੋਈ ਹੈ।
ਨਿਖਿਲ ਦੇ ਪਿਤਾ ਹਰਗੋਪਾਲ ਅਨੁਸਾਰ 26 ਜੂਨ ਦੀ ਰਾਤ ਨੂੰ ਉਸਦੀ ਸਾਲੀ ਨੇ ਘਰ ਫੋਨ ਕਰਕੇ ਦੱਸਿਆ ਕਿ ਨਿਖਿਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਉਸਨੂੰ ਲੱਭੋ। ਜਦੋਂ ਉਹ ਤਲਾਸ਼ ਕਰਨ ਲਈ ਘਰੋਂ ਬਾਹਰ ਨਿਕਲੇ ਤਾਂ ਨਿਖਿਲ ਲਲਹੇੜੀ ਰੋਡ ਦੇ ਪੁਲ ਹੇਠਾਂ ਤੜਫ਼ ਰਿਹਾ ਸੀ। ਜਿਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ, ਜਿੱਥੇ ਅੱਜ ਨਿਖਿਲ ਦੀ ਮੌਤ ਹੋ ਗਈ।
ਨਿਖਿਲ ਨੇ ਆਪਣੀ ਮਾਸੀ ਨੂੰ ਵਟਸਐਪ 'ਤੇ ਵੌਇਸ ਮੈਸੇਜ ਭੇਜਿਆ ਸੀ, ਜਿਸ 'ਚ ਕਿਹਾ ਸੀ ਉਸ ਦੀ ਮੌਤ ਲਈ ਨਵਦੀਪ ਕੌਰ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਮਾਂ ਮੰਜੂ ਅਤੇ ਨਵਦੀਪ ਦਾ ਮਾਮਾ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਉਸਨੂੰ ਦੁਖੀ ਕਰ ਰੱਖਿਆ ਸੀ। ਇਨ੍ਹਾਂ ਤਿੰਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਪੁਲਿਸ ਨੇ ਦਰਜ ਕੀਤਾ ਮਾਮਲਾ
ਥਾਣਾ ਸਿਟੀ ਦੀ ਪੁਲੀਸ ਨੇ ਹਰਗੋਪਾਲ ਦੇ ਬਿਆਨਾਂ ’ਤੇ ਨਵਦੀਪ ਕੌਰ, ਉਸ ਦੀ ਮਾਂ ਮੰਜੂ ਅਤੇ ਨਵਦੀਪ ਦੇ ਮਾਮੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।