
ਕਿਹਾ, ਧੀਆਂ ਦਾ ਟਰੈਕਟਰ ਚਲਾ ਕੇ ਘਿਰਾਉ 'ਚ ਸ਼ਾਮਲ ਹੋਣਾ ਬਾਦਲਾਂ ਲਈ ਸ਼ਰਮ ਵਾਲੀ ਗੱਲ
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਖਿਲਾਫ਼ ਕਿਸਾਨ ਆਰ-ਪਾਰ ਦੇ ਮੂੜ 'ਚ ਹਨ। ਬੀਤੇ ਦਿਨਾਂ ਦੌਰਾਨ ਟਰੈਕਟਰ ਰੈਲੀ ਕੱਢ ਕੇ ਸ਼ੁਰੂ ਕੀਤੇ ਸੰਘਰਸ਼ ਨੂੰ ਕਿਸਾਨ ਹੁਣ ਹੋਰ ਪ੍ਰਚੰਡ ਕਰਨ ਦੀ ਤਿਆਰੀ 'ਚ ਹਨ। ਇਸੇ ਤਹਿਤ ਕਿਸਾਨਾਂ ਵਲੋਂ ਅਕਾਲੀ-ਭਾਜਪਾ ਦੇ ਆਗੂਆਂ ਦੇ ਘਰਾਂ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਪੰਜਾਬ ਸਰਕਾਰ ਵੀ ਅਪਣਾ ਇਤਰਾਜ ਜਿਤਾ ਚੁੱਕੀ ਹੈ।
Sadhu Singh Dharamsot
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਲਗਭਗ ਸਾਰੇ ਸਿਆਸੀ ਦਲ ਅਪਣੀਆਂ ਸਰਗਰਮੀਆਂ ਪਹਿਲਾਂ ਹੀ ਵਧਾ ਚੁੱਕੇ ਹਨ। ਪੰਜਾਬ ਅੰਦਰ ਕਿਸਾਨਾਂ ਦਾ ਚੰਗਾ ਵੋਟ ਬੈਂਕ ਹੈ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਕਿਸਾਨਾਂ ਦਾ ਨਰਾਜਗੀ ਝੱਲਣ ਦੀ ਹਾਲਤ ਵਿਚ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ ਹੋਣ ਦੀ ਹਾਮੀ ਰਹੀ ਹੈ। ਪਰ ਸੌਦਾ ਸਾਧ ਦੇ ਸਵਾਂਗ ਰਚਾਉਣ ਤੋਂ ਬਾਅਦ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ।
Sukhbir Badal
ਹੁਣ ਇਸ ਦੀ ਭਾਈਵਾਲ ਭਾਜਪਾ ਵੀ ਅੱਖਾਂ ਦਿਖਾਉਣ ਲੱਗ ਪਈ ਹੈ। ਪਿਛਲੇ ਦਿਨਾਂ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਪੰਜਾਬ ਅੰਦਰ ਇਕੱਲੇ ਚੋਣ ਲੜਨ ਦਾਗ਼ੇ ਬਿਆਨਾਂ ਨੇ ਅਕਾਲੀ ਦਲ ਲਈ ਬਚਾਓ ਦੀ ਸਥਿਤੀ 'ਚ ਲਿਆ ਖੜ੍ਹਾ ਕੀਤਾ ਹੈ। ਇਸ ਕਾਰਨ ਅਕਾਲੀ ਦਲ ਵੀ ਕਿਸਾਨਾਂ ਦੇ ਹੱਕ 'ਚ ਸਿੱਧਾ ਡਟਣ ਦੀ ਥਾਂ ਗਠਜੋੜ ਧਰਮ ਨਿਭਾਉਣ ਨੂੰ ਵੀ ਮਜ਼ਬੂਰ ਹੈ।
kisan protest
ਅਕਾਲੀ ਦਲ ਦੀ ਇਸੇ ਮਜ਼ਬੂਰੀ ਦਾ ਲਾਹਾ ਹੁਣ ਸੱਤਾਧਾਰੀ ਧਿਰ ਦੇ ਨਾਲ-ਨਾਲ ਦੂਜੀਆਂ ਵਿਰੋਧੀ ਧਿਰਾਂ ਲੈਣ ਦੀ ਤਾਕ 'ਚ ਹਨ। ਇਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਹੋਰ ਮੰਤਰੀ ਵੀ ਇਸ ਸੰਘਰਸ਼ 'ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਹਾਮੀ ਭਰ ਚੁੱਕੇ ਹਨ। ਅੱਜ ਸੂਬੇ ਦੇ ਕਿਸਾਨਾਂ ਵਲੋਂ ਅਕਾਲੀ-ਬੀਜੇਪੀ ਆਗੂਆਂ ਦੇ ਘਰਾਂ ਦਾ ਘਿਰਾਉ ਕੀਤੇ ਕੀਤੇ ਜਾਣ ਦੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਖੁੱਲ੍ਹ ਕੇ ਹਮਾਇਤ ਕੀਤੀ ਹੈ।
Sadhu Singh Dharamsot
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਆਰਡੀਨੈਂਸ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਉਜਾੜਨ ਲੱਗੀ ਹੈ। ਉਨ੍ਹਾਂ ਕਿਹਾ ਕਿ ਖੁਲ੍ਹੀ ਮੰਡੀ ਦਾ ਝਾਂਸਾ ਦੇ ਕੇ ਭਾਜਪਾ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਮੁਥਾਜ ਬਨਾਉਣਾ ਚਹੁੰਦੀ ਹੈ ਜਿਸ ਨੂੰ ਕਾਂਗਰਸ ਬਿਲਕੁਲ ਵੀ ਸਹਿਣ ਨਹੀਂ ਕਰੇਗੀ। ਬਠਿੰਡਾ ਦੀ ਇਕ ਕੁੜੀ ਵਲੋਂ ਖੁਦ ਟਰੈਕਟਰ ਚਲਾ ਕੇ ਘਿਰਾਉ 'ਚ ਸ਼ਾਮਲ ਹੋਣ 'ਤੇ ਬੋਲਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਬਾਦਲਾਂ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਅੱਜ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਵੀ ਖੁਦ ਟਰੈਕਟਰ ਚਲਾ ਕੇ ਅਕਾਲੀ ਭਾਜਪਾ ਆਗੂਆਂ ਵਿਰੁਧ ਘਿਰਾਉ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਉਕਿ ਕਿਸਾਨਾਂ ਦੇ ਪਹਿਰੇਦਾਰ ਅਖਵਾਉਣ ਵਾਲੇ ਅਕਾਲੀ ਆਗੂ ਅੱਜ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।