
ਸਾਰੇ ਰਸਤੇ ਬੰਦ ਕਰ ਕੇ ਲਖਨਊ ਨੂੰ ਦਿੱਲੀ ਬਣਾ ਦਿਆਂਗੇ : ਟਿਕੈਤ
ਅਸੀਂ ਮਿਸ਼ਨ ਯੂ.ਪੀ., ਉਤਰਾਖੰਡ ਦਾ ਐਲਾਨ ਕਰ ਰਹੇ ਹਾਂ
ਲਖਨਊ, 26 ਜੁਲਾਈ : ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦਾ ਅਗਲਾ ਮੁੱਖ ਕੇਂਦਰ ਉੱਤਰ ਪ੍ਰਦੇਸ਼ ਹੋਵੇਗਾ। ਉਨ੍ਹਾਂ ਨੇ ਇਕ ਪੱਤਰਕਾਰ ਵਾਰਤਾ ’ਚ ਕਿਹਾ,‘‘ਅਸੀਂ ਲਖਨਊ ਨੂੰ ਦਿੱਲੀ ’ਚ ਬਦਲ ਦੇਵਾਂਗੇ ਅਤੇ ਰਾਜ ਦੀ ਰਾਜਧਾਨੀ ਦੇ ਸਾਰੇ ਰਸਤੇ ਬੰਦ ਕਰ ਦਿਤੇ ਜਾਣਗੇ। ਸਾਡਾ ਅੰਦੋਲਨ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।’’
ਉਨ੍ਹਾਂ ਕਿਹਾ,‘‘ਅਸੀਂ ਕਿਸਾਨਾਂ ਵਿਚ ਜਾਵਾਂਗੇ। ਮੁਜ਼ੱਫ਼ਰਨਗਰ ਵਿਚ 5 ਸਤੰਬਰ ਇਕ ਵਿਸ਼ਾਲ ਕਿਸਾਨ ਪੰਚਾਇਤ ਕੀਤੀ ਜਾਵੇਗਾ। ਪੂਰੇ ਦੇਸ਼ ਨੂੰ ਬੰਦੀ ਬਣਾਇਆ ਜਾ ਰਿਹਾ ਹੈ। ਟਿਕੈਤ ਨੇ ਕਿਹਾ,‘‘ਉੱਤਰ ਪ੍ਰਦੇਸ਼ ਹਮੇਸ਼ਾ ਅੰਦੋਲਨ ਦਾ ਪ੍ਰਦੇਸ਼ ਰਿਹਾ ਹੈ। 4 ਸਾਲਾਂ ਤੋਂ ਗੰਨੇ ਦੀਆਂ ਦਰਾਂ ਨਹੀਂ ਵਧਾਈਆਂ ਗਈਆਂ ਹਨ। ਗੰਨਾ ਕਿਸਾਨਾਂ ਦਾ 12 ਹਜ਼ਾਰ ਕਰੋੜ ਦਾ ਭੁਗਤਾਨ ਬਾਕੀ ਹੈ। ਕਈ ਸੂਬਿਆਂ ’ਚ ਕਿਸਾਨਾਂ ਲਈ ਬਿਜਲੀ ਮੁਫ਼ਤ ਹੈ ਪਰ ਯੂ.ਪੀ. ’ਚ ਬਿਜਲੀ ਦੀਆਂ ਦਰਾਂ ਸੱਭ ਤੋਂ ਵੱਧ ਹਨ। ਯੂ.ਪੀ. ’ਚ ਸਰਕਾਰ ਹੁਣ ਗੁਜਰਾਤ ਵਾਂਗੂ ਪੁਲਿਸ ਚਲਾ ਰਹੀ ਹੈ।’’ ਰਾਕੇਸ ਟਿਕੈਤ ਨੇ ਕਿਹਾ ਕਿ ਸਾਡੀ ਜਵਾਨ ਪੀੜ੍ਹੀ ‘3 ਟੀ’ ‘ਤੇ ਕੰਮ ਕਰਦੀ ਹੈ। ਇਸਦਾ ਅਰਥ ਇਹ ਹੈ ਕਿ ਜਦੋਂ ਉਹ ਫੌਜ ਵਿਚ ਜਾਂਦਾ ਹੈ, ਤਾਂ ਉਹ ਉਥੇ ਟੈਂਕ ਚਲਾਉਂਦਾ ਹੈ। ਜਦੋਂ ਉਹ ਪਿੰਡ ਆਉਂਦਾ ਹੈ, ਤਾਂ ਉਹ ਖੇਤੀ ਕਰਦੇ ਹੋਏ ਟਰੈਕਟਰ ਚਲਾਉਂਦਾ ਹੈ ਅਤੇ ਜਦੋਂ ਉਹ ਖਾਲੀ ਹੁੰਦਾ ਹੈ ਤਾਂ ਟਵਿੱਟਰ ਚਲਾਉਂਦਾ ਹੈ। ਕਿਸਾਨ ਪੂਰੇ ਸੂਬੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਗਊਸ਼ਾਲਾ ਦੇ ਨਾਮ ’ਤੇ ਸ਼ੋਸ਼ਣ ਅਤੇ ਭਿ੍ਰਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਕਿਸਾਨ ਅੰਦੋਲਨ ਦੇ ਚਾਰ ਪੜਾਅ ਹੋਣਗੇ। ਪਹਿਲਾਂ, ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨਾਲ ਜੁੜਨਾ। ਦੂਸਰਾ, ਮੰਡਲ ਕਿਸਾਨ ਸੰਮੇਲਨ ਅਤੇ ਬੈਠਕ। 3 ਤੇ 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿਚ ਪੰਚਾਇਤ ਅਤੇ ਚਾਰਾਂ ਮੰਡਲ ਹੈੱਡਕੁਆਰਟਰਾਂ ’ਤੇ ਮਹਾਪੰਚਾਇਤ।
ਇਸ ਦੌਰਾਨ ਰਾਕੇਸ਼ ਟਿਕੈਤ ਨਾਲ ਆਏ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਸਾਨਾਂ ਦੀ ਏਕਤਾ ਨੂੰ ਵਧਾਇਆ ਹੈ।
ਉਨ੍ਹਾਂ ਕਿਹਾ,‘‘ਅਸੀਂ ਮਿਸ਼ਨ ਯੂ.ਪੀ., ਉਤਰਾਖੰਡ ਦਾ ਐਲਾਨ ਕਰ ਰਹੇ ਹਾਂ। ਇਨ੍ਹਾਂ ਸੂਬਿਆਂ ’ਚ ਰੈਲੀਆਂ ਅਤੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਟੋਲ ਪਲਾਜ਼ਾ ਸਾਰਿਆਂ ਲਈ ਮੁਫ਼ਤ ਹੋਣ।’’ (ਪੀਟੀਆਈ)