
ਪੰਜਾਬ ਨੂੰ ਸੈਲਾਨੀਆਂ ਲਈ ਆਕਰਸ਼ਿਤ ਕਰਨਾ ਮੇਰੇ ਵਿਭਾਗ ਦਾ ਮੁੱਖ ਮਕਸਦ- ਕੈਬਨਿਟ ਮੰਤਰੀ
ਅੰਮ੍ਰਿਤਸਰ: ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਅੰਮ੍ਰਿਤਸਰ ਵਿਖੇ ਸੈਰ ਸਪਾਟਾ ਸਨਅਤ ਨਾਲ ਜੁੜੀਆਂ ਧਿਰਾਂ ਨਾਲ ਗੱਲਬਾਤ ਕਰਦੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਇਤਹਾਸਕ ਕਿਲਿਆਂ ਦਾ ਰੱਖ-ਰਖਾਅ ਉਨਾਂ ਦੀ ਮਹੱਤਤਾ ਦੇ ਅਨੁਸਾਰ ਕੀਤਾ ਜਾਵੇਗਾ ਜੋ ਕਿ ਸਾਡੇ ਵਿਰਸੇ ਅਤੇ ਇਤਿਹਾਸ ਨੂੰ ਰੂਪਮਾਨ ਕਰਨ।
Anmol Gagan Maan
ਦੋ ਦਿਨਾਂ ਤੋਂ ਸ਼ਹਿਰ ਦੀਆਂ ਇਤਿਹਾਸਕ ਤੇ ਸੈਰ-ਸਪਾਟੇ ਵਾਲੇ ਸਥਾਨਾਂ ਦਾ ਦੌਰਾ ਕਰ ਰਹੇ ਮੈਡਮ ਅਨਮੋਲ ਗਗਨ ਮਾਨ ਨੇ ਕੱਲ੍ਹ ਸਥਾਨਕ ਕਿਲ੍ਹੇ ਵਿਚ ਚੱਲ ਰਹੀਆਂ ਡੀ. ਜੇ. ਦੀਆਂ ਧੁਨਾਂ ਉਤੇ ਕਿੰਤੂ ਕਰਦੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾ ਦਾ ਨਾਮ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਵੱਡੇ ਜਰਨੈਲਾਂ ਵਿਚ ਆਉਂਦਾ ਹੈ, ਦੇ ਸ਼ਾਹੀ ਕਿਲ੍ਹੇ ਨੂੰ ਸਾਡਾ ਮਨੋਰੰਜਨ ਨਹੀਂ, ਬਲਕਿ ਵਿਰਾਸਤ, ਇਤਿਹਾਸ ਤੇ ਸਾਡੇ ਅਮੀਰ ਵਿਰਸੇ ਦੀ ਤਰਜ਼ਮਾਨੀ ਕਰਨੀ ਚਾਹੀਦੀ ਹੈ ਅਤੇ ਇਸੇ ਨਾਲ ਸਬੰਧਤ ਹੀ ਸਾਰੀ ਪੇਸ਼ਕਾਰੀ ਇੱਥੇ ਕੀਤੀ ਜਾਣੀ ਚਾਹੀਦੀ ਹੈ।
Anmol Gagan Maan
ਉਨਾਂ ਕਿਹਾ ਕਿ ਮੈਂ ਪੰਜਾਬ ਦੀਆਂ ਸਾਰੀਆਂ ਇਤਿਹਾਸਕ ਥਾਵਾਂ, ਜਿੰਨਾ ਵਿਚ ਗੁਰੂ ਸਾਹਿਬਾਨ ਤੇ ਰਾਜਿਆਂ ਅਤੇ ਮਹਾਰਾਜਿਆਂ ਦੇ ਕਿਲ੍ਹੇ ਸ਼ਾਮਲ ਹਨ, ਨੂੰ ਉਨਾਂ ਦੇ ਇਤਿਹਾਸਕ ਪਰਿਪੇਖ ਵਿਚ ਸੰਭਾਲਣ ਦੀ ਕੋਸ਼ਿਸ਼ ਕਰਾਂਗੀ, ਤਾਂ ਜੋ ਪੰਜਾਬ ਲਈ ਦੇਸ਼-ਵਿਦੇਸ਼ ਦੇ ਸੈਲਾਨੀਆਂ ਲਈ ਖਿੱਚ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਜ ਸੈਰ ਸਪਾਟਾ ਸਨਅਤ ਦੇਸ਼ ਅਤੇ ਰਾਜ ਸਰਕਾਰਾਂ ਲਈ ਵੱਡੀ ਆਮਦਨ ਦਾ ਸਾਧਨ ਬਣ ਸਕਦੀ ਹੈ ਅਤੇ ਇਸ ਵਿਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਹੈ, ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਅਸੀਂ ਇਸ ਕੰਮ ਵਿਚ ਬਹੁਤ ਪਿੱਛੇ ਰਹਿ ਗਏ ਹਾਂ।
Anmol Gagan Maan
ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਕਾਰਜ ਕਾਲ ਵਿਚ ਅਜਿਹਾ ਕੰਮ ਕਰਾਂ ਕਿ ਆਉਣ ਵਾਲੀ ਸਰਕਾਰ ਵਿਚ ਸੈਰ-ਸਪਾਟਾ ਵਿਭਾਗ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ। ਉਨਾਂ ਇਸ ਮੌਕੇ ਹੋਟਲ ਸਨਅਤ ਤੋਂ ਸੁਝਾਅ ਲਏ ਅਤੇ ਕਿਹਾ ਕਿ ਉਹ ਆਪਣੇ ਸ਼ਹਿਰ ਦੇ ਵਿਕਾਸ ਲਈ ਸੈਲਾਨੀ ਪੱਖੀ ਰੋਡ ਮੈਪ ਤਿਆਰ ਕਰਨ ਅਤੇ ਮੈਂ ਛੇਤੀ ਹੀ ਤੁਹਾਡੇ ਨਾਲ ਵਿਸਥਾਰਤ ਮੀਟਿੰਗ ਕਰਕੇ ਇਸ ਨਕਸ਼ੇ ਅਨੁਸਾਰ ਕੰਮ ਕਰਨ ਲਈ ਯੋਜਨਾ ਉਲੀਕਾਗੀਂ। ਅੰਮ੍ਰਿਤਸਰ ਦੀ ਗੱਲ ਕਰਦੇ ਗਗਨ ਮਾਨ ਨੇ ਕਿਹਾ ਕਿ ਜਿੰਨੇ ਸ਼ਰਧਾਲੂ ਤੇ ਸੈਲਾਨੀ ਇੱਥੇ ਰੋਜ਼ਾਨਾ ਆਉਂਦੇ ਹਨ, ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਸ਼ਹਿਰ ਵਿਚ ਜਾਂਦੇ ਹੋਣ, ਪਰ ਇਨ੍ਹਾਂ ਲੋਕਾਂ ਨੂੰ ਇਕ ਤੋਂ ਵੱਧ ਦਿਨ ਲਈ ਰੋਕਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ, ਜਿਸ ਨਾਲ ਕਾਰੋਬਾਰ ਤੇ ਰੋਜ਼ਗਾਰ ਦੇ ਬੇਤਹਾਸ਼ਾ ਮੌਕੇ ਪੈਦਾ ਹੋਣਗੇ।
Anmol Gagan Maan
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸੈਰ-ਸਪਾਟਾ ਸਨਅਤ ਦੇ ਵਿਕਾਸ ਲਈ ਇਕ ਅਥਾਰਟੀ, ਜਿਸਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਹੀ ਹੋਵੇ, ਬਨਾਉਣ ਦਾ ਸੁਝਾਅ ਦਿੱਤਾ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ. ਏ ਪੀ ਸਿੰਘ ਚੱਠਾ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਕਹਿੰਦੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰਾਜ ਦੇ ਕਿਸੇ ਸੈਰ ਸਪਾਟਾ ਮੰਤਰੀ ਨੇ ਸਾਡੀਆਂ ਮੁਸ਼ਿਕਲਾਂ ਜਾਣਨ ਲਈ ਸਾਡੇ ਨਾਲ ਗੱਲਬਾਤ ਕੀਤੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰਪਿਊਸ਼ ਕਪੂਰ ਨੇ ਭਵਿੱਖ ਦਾ ‘ਰੋਡ ਮੈਪ ਤਿਆਰ ਕਰਨ ਲਈ ਥੋੜਾ ਸਮਾਂ ਮੰਗਦੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਸੈਲਾਨੀ ਪੱਖੀ ਮਾਹੌਲ ਦੇਣ ਲਈ ਤੁਹਾਡੇ ਨਾਲ ਗੱਲਬਾਤ ਕਰੀਏ, ਨਾ ਕਿ ਆਪਣੇ ਨਿੱਜੀ ਮੁਫ਼ਾਦ ਲਈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾਇਰੈਕਟਰ ਸੈਰ ਸਪਾਟਾ ਕੁਰਣੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐਸ ਡੀ ਐਮ ਮਨਕੰਵਲ ਸਿੰਘ, ਐਸ ਪੀ ਟ੍ਰੈਫਿਕ ਅਮਨਦੀਪ ਕੌਰ, ਐਕਸੀਅਨ ਪੁੱਡਾ ਗੁਰਪ੍ਰੀਤ ਸਿੰਘ, ਰਵਿੰਦਰ ਕੁਮਾਰ ਹੰਸ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮਿ੍ਤਸਰ ਆਉਣ ਉਤੇ ਪੁਲਿਸ ਦੇ ਜਵਾਨਾਂ ਵੱਲੋਂ ਉਨਾਂ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਜੀ ਆਇਆ ਕਿਹਾ ਗਿਆ। ਇਸ ਮਗਰੋਂ ਕੈਬਨਿਟ ਮੰਤਰੀ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਸਥਾਨ ਸਮਰ ਪੈਲਸ ਦਾ ਦੌਰਾ ਕੀਤਾ ਅਤੇ ਭਗਵਾਨ ਵਾਲੀਮਕ ਦੇ ਤੀਰਥ ਸਥਾਨ ਵਿਖੇ ਸ਼ਰਧਾ ਸੁਮਨ ਭੇਟ ਕੀਤੀ।