
ਅਕਾਲੀ ਦਲ ਦੇ 'ਦੋਹਰੇ ਸੰਵਿਧਾਨ' ਬਾਰੇ ਕੇਸ ਦੀ ਪੈਰਵੀ ਕਰੇ 'ਆਪ' ਸਰਕਾਰ
ਸੋਸ਼ਲਿਸਟ ਪਾਰਟੀ ਨੇ ਸਪੀਕਰ ਸੰਧਵਾਂ ਨੂੰ ਮਿਲ ਕੇ ਰੱਖੀ ਮੰਗ
ਚੰਡੀਗੜ੍ਹ, 26 ਜੁਲਾਈ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਥਿਤ ਦੋਹਰੇ ਸੰਵਿਧਾਨ ਦੇ ਦਿੱਲੀ ਹਾਈ ਕੋਰਟ ਵਿਚ ਚਲ ਰਹੇ ਮਾਮਲੇ ਦੀ ਪੰਜਾਬ ਸਰਕਾਰ ਵਲੋਂ ਪੈਰਵੀ ਕਰਵਾਉਣ ਅਤੇ ਕੁੱਝ ਹੋਰ ਮੰਗਾਂ ਨੂੰ ਲੈ ਕੇ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਸਾਬਕਾ ਕੌਮੀ ਪ੍ਰਧਾਨ ਬਲਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ |
ਵਫ਼ਦ ਵਿਚ ਖੇੜਾ ਤੋਂ ਇਲਾਵਾ ਪਾਰਟੀ ਦੇ ਹੋਰ ਅਹੁਦੇਦਾਰਾਂ ਵਿਚ ਹਰਿੰਦਰ ਸਿੰਘ ਮਾਨਸ਼ਾਹੀਆ, ਓਮ ਸਿੰਘ ਸਟਿਆਣਾ, ਰਾਜਿੰਦਰ ਕੌਰ ਦਾਨੀ, ਕੁਲਦੀਪ ਪਰਮਾਰ, ਹੁਕਮ ਚੰਦ ਸੁਨਕਰ, ਸੱਤਪਾਲ ਸਿੰਘ ਡਡਿਆਣਾ, ਹਰਿੰਦਰਪਾਲ ਸਿੰਘ, ਕੰਵਲਜੀਤ ਸਿੰਘ ਮੰਨ੍ਹਣ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੀ ਮੌਜੂਦ ਸੀ | ਇਸ ਉਪਰੰਤ ਇਕ ਪੱਤਰਕਾਰ ਮਿਲਣੀ ਦੌਰਾਨ ਸ. ਖੇੜਾ ਤੇ ਹੋਰਨਾਂ ਨੇ ਦਸਿਆ ਕਿ ਦਿੱਲੀ ਹਾਈ ਕੋਰਟ ਵਿਚ ਸ. ਖੇੜਾ ਵਲੋਂ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਕਾਰਨ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਕੇਸ ਵਿਚ ਹੁਣ ਕਾਰਵਾਈ ਤੇਜ਼ ਹੋ ਗਈ ਹੈ ਤੇ ਹਾਈ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਕੋਲੋਂ ਪੁੱਛ ਲਿਆ ਹੈ ਕਿ ਦੋਹਰੇ ਸੰਵਿਧਾਨ ਬਾਰੇ ਕੀ ਕਾਰਵਾਈ ਕੀਤੀ ਗਈ ਜਾਂ ਕਿ ਫ਼ੈਸਲਾ ਲਿਆ ਗਿਆ |
ਜ਼ਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਦੀ ਮਾਨਤਾ ਰੱਦ ਕਰਨ ਲਈ ਸ. ਖੇੜਾ ਨੇ ਦਿੱਲੀ ਹਾਈ ਕੋਰਟ ਵਿਚ ਕੇਸ ਦਾਖ਼ਲ ਕੀਤਾ ਹੋਇਆ ਹੈ | ਇਸ ਦੇ ਦੂਜੇ ਪਾਸੇ ਉਨ੍ਹਾਂ ਨੇ ਹੁਸ਼ਿਆਰਪੁਰ ਦੀ ਅਦਾਲਤ ਵਿਚ ਇਕ ਅਪਰਾਧਕ ਸ਼ਿਕਾਇਤ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ
ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮੰਗ ਵਿਰੁਧ ਅਕਾਲੀ ਆਗੂਆਂ ਦੇ ਕੇਸ ਖਾਰਜ ਕਰ ਦਿਤੇ ਸੀ ਤੇ ਹੁਣ ਹੁਸ਼ਿਆਰਪੁਰ ਅਦਾਲਤ ਵਿਚ ਗਵਾਹੀਆਂ ਚਲ ਰਹੀਆਂ ਹਨ | ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅਕਾਲੀ ਆਗੂਆਂ ਵਿਰੁਧ ਦਿਤੇ ਫ਼ੈਸਲੇ ਨੂੰ ਅਕਾਲੀ ਦਲ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੋਈ ਹੈ | ਦਿੱਲੀ ਹਾਈ ਕੋਰਟ ਵਿਚ ਚੱਲ ਰਹੇ ਕੇਸ ਤੇ ਸੁਪਰੀਮ ਕੋਰਟ ਵਿਚ ਚਲ ਰਹੇ ਕੇਸਾਂ ਦੀ ਪੰਜਾਬ ਸਰਕਾਰ ਵਲੋਂ ਪੈਰਵੀ ਕਰਵਾਏ ਜਾਣ ਹਿਤ ਹੀ ਸ. ਖੇੜਾ ਤੇ ਹੋਰਨਾਂ ਨੇ ਸਪੀਕਰ ਨਾਲ ਮੁਲਾਕਾਤ ਕਰ ਕੇ ਮੰਗ ਰੱਖੀ ਹੈ ਤੇ ਉਨ੍ਹਾਂ ਢੁੱਕਵੇਂ ਹੱਲ ਦਾ ਭਰੋਸਾ ਦਿਵਾਇਆ ਹੈ | ਅੱਜ ਵਫ਼ਦ ਵਲੋਂ ਪੰਜਾਬ ਦੇ ਸਮੂਹ ਦਫ਼ਤਰਾਂ, ਅਦਾਲਤਾਂ, ਯੂਨੀਵਰਸਟੀਆਂ ਵਿਚ ਸਖ਼ਤੀ ਨਾਲ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ, ਸੰਵਿਧਾਨ ਦੀ 73ਵੀਂ-74ਵੀਂ ਸੋਧ ਅਨੁਸਾਰ 29 ਮਹਿਕਮਿਆਂ ਦਾ ਪ੍ਰਸ਼ਾਸਕੀ ਕੰਟਰੋਲ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤਾਂ ਨੂੰ ਸੌਂਪਣ, ਫ਼ਿਰਕਾਪ੍ਰਸਤ ਪਾਰਟੀਆਂ ਤੇ ਰੋਕ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਆਦਿ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ | ਸ. ਖੇੜਾ ਨੇ ਦਸਿਆ ਕਿ ਇਨ੍ਹਾਂ ਨੁਕਤਿਆਂ ਉਤੇ ਸੰਧਵਾਂ ਸਾਹਿਬ ਵਲੋਂ ਵਿਸਥਾਰ ਵਿਚ ਚਰਚਾ ਕਰ ਕੇ ਪੂਰਾ ਭਰੋਸਾ ਦਵਾਇਆ ਗਿਆ ਅਤੇ ਸ. ਬਲਵੰਤ ਸਿੰਘ ਖੇੜਾ ਵਲੋਂ ਦਾਇਰ ਕੀਤੇ ਗਏ ਕੇਸ ਵਿਚ ਏ.ਜੀ. ਪੰਜਾਬ ਵਲੋਂ ਪੈਰਵਾਈ ਲਈ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ | ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਭਖਵੇਂ ਮਸਲਿਆਂ ਉਪਰ ਵੀ ਗੱਲਬਾਤ ਕੀਤੀ ਗਈ |