
ਡੋਪ ਟੈਸਟ ਕਰਵਾਉਣ ਵਾਲਿਆਂ ਦੀਆਂ ਤਸਵੀਰਾਂ ਰਜਿਸਟਰ ਵਿਚੋਂ ਗਾਇਬ
ਵਿਜੀਲੈਂਸ ਵਲੋਂ ਜਾਂਚ ਸ਼ੁਰੂ ਕਰ ਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤੀ ਕਰਨ ਦੀ ਸਿਫ਼ਾਰਿਸ਼
ਚੰਡੀਗੜ੍ਹ : ਪੰਜਾਬ 'ਚ ਪੈਸੇ ਲੈ ਕੇ ਡੋਪ ਟੈਸਟ ਦੀਆਂ ਰੀਪੋਰਟਾਂ 'ਚ ਹੇਰਾਫੇਰੀ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਨੇ ਵੱਡੇ ਖੁਲਾਸੇ ਕੀਤੇ ਹਨ। ਮੰਗਲਵਾਰ ਨੂੰ ਸੂਬੇ ਦੇ ਕਈ ਹਸਪਤਾਲਾਂ 'ਚ ਛਾਪੇਮਾਰੀ ਕਰ ਕੇ ਰੀਕਾਰਡ ਜ਼ਬਤ ਕੀਤਾ ਗਿਆ। ਮੁੱਢਲੀ ਜਾਂਚ ਵਿਚ ਵਿਜੀਲੈਂਸ ਵਲੋਂ ਡੋਪ ਟੈਸਟ ਕਰਵਾਉਣ ਵਾਲੇ ਕਈ ਵਿਅਕਤੀਆਂ ਦੀਆਂ ਫੋਟੋਆਂ ਰਜਿਸਟਰਾਂ ਵਿਚੋਂ ਗਾਇਬ ਪਾਈਆਂ ਗਈਆਂ ਸਨ। 4200 ਲੋਕਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਵਿਜੀਲੈਂਸ ਨੂੰ ਸ਼ੁਰੂਆਤੀ ਤੌਰ 'ਤੇ 51 ਲੋਕਾਂ ਦੀ ਜਾਣਕਾਰੀ ਵਿਚ ਵੱਡੀ ਗੜਬੜੀ ਪਾਈ ਗਈ ਹੈ।
ਵਿਜੀਲੈਂਸ ਨੇ ਸਿਹਤ ਵਿਭਾਗ ਨੂੰ ਸਿਫਾਰਸ਼ ਕੀਤੀ ਹੈ ਕਿ ਡੋਪ ਟੈਸਟ ਦਾ ਰਿਕਾਰਡ ਰੈਗੂਲਰ ਮੁਲਾਜ਼ਮਾਂ ਨੂੰ ਹੀ ਸੌਂਪਿਆ ਜਾਵੇ। ਡੋਪ ਟੈਸਟ ਕਰਵਾਉਣ ਵਾਲਿਆਂ ਦੀ ਵੀਡੀਓਗ੍ਰਾਫੀ ਕਰਵਾਉਣ ਦਾ ਵੀ ਸੁਝਾਅ ਦਿਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਅਸਲਾ ਲਾਇਸੈਂਸ ਲੈਣ ਲਈ ਲੈਬ ਵਿਚ ਜਿਸ ਵਿਅਕਤੀ ਦੀ ਰੀਪੋਰਟ ਤਿਆਰ ਕੀਤੀ ਗਈ ਸੀ, ਉਸ ਦੀ ਲੈਬ ਰੀਕਾਰਡ ਵਿਚ ਕੋਈ ਫੋਟੋ ਨਹੀਂ ਹੈ।
ਇਸ ਦੀ ਰੀਪੋਰਟ ਗੁਪਤ ਰੂਪ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸੌਂਪੀ ਜਾਣੀ ਸੀ ਪਰ ਕਈ ਕੇਸਾਂ ਵਿਚ ਡੋਪ ਟੈਸਟ ਕਰਵਾਉਣ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿਤੀ ਗਈ। ਵਿਜੀਲੈਂਸ ਨੇ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁਧ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਵਿਜੀਲੈਂਸ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕਿਸੇ ਵੀ ਅਯੋਗ ਜਾਂ ਨਸ਼ੇੜੀ ਵਿਅਕਤੀ ਨੂੰ ਅਸਲਾ ਲਾਇਸੈਂਸ ਜਾਰੀ ਨਾ ਕੀਤਾ ਜਾਵੇ। ਜਾਅਲਸਾਜ਼ੀ ਕਰ ਕੇ ਅਸਲਾ ਲਾਇਸੈਂਸ ਲੈਣ ਵਾਲੇ 51 ਵਿਅਕਤੀ ਵਿਜੀਲੈਂਸ ਦੇ ਰਾਡਾਰ 'ਤੇ ਹਨ
ਵਿਜੀਲੈਂਸ ਨੇ ਸੁਝਾਅ ਦਿਤਾ ਕਿ ਡੋਪ ਟੈਸਟ ਦੀ ਰੀਪੋਰਟ ਦੀ ਕਾਪੀ ਸਬੰਧਤ ਹਸਪਤਾਲ ਦੇ ਰਿਕਾਰਡ ਵਿਚ ਰੱਖੀ ਜਾਵੇ ਅਤੇ ਡੋਪ ਟੈਸਟ ਲਈ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਨੂੰ ਰੋਟੇਸ਼ਨ ਵਿਚ ਤਾਇਨਾਤ ਕੀਤਾ ਜਾਵੇ। ਇਸ ਪ੍ਰਕਿਰਿਆ ਵਿਚ ਕਿਸੇ ਵੀ ਦਲਾਲ ਦੀ ਸ਼ਮੂਲੀਅਤ ਤੋਂ ਬਚਣਾ ਚਾਹੀਦਾ ਹੈ। ਨਾਲ ਹੀ, ਸੀਨੀਅਰ ਅਧਿਕਾਰੀਆਂ ਦੀਆਂ ਲੈਬ ਰਿਪੋਰਟਾਂ 'ਤੇ ਦਸਤਖਤ ਕੀਤੇ ਜਾਣੇ ਚਾਹੀਦੇ ਹਨ। ਪਿਸ਼ਾਬ ਦੇ ਨਮੂਨੇ ਲਈ ਭੇਜਣ ਤੋਂ ਪਹਿਲਾਂ ਵਿਅਕਤੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ।
ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਵਿਜੀਲੈਂਸ ਵਲੋਂ ਮੰਗਲਵਾਰ ਨੂੰ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਡੋਪ ਟੈਸਟ ਕਰਵਾਉਣ ਦੀ ਪ੍ਰਕਿਰਿਆ ਵਿਚ ਕਮੀਆਂ ਪਾਈਆਂ ਗਈਆਂ। ਰਜਿਸਟਰ ਵਿਚ ਡੋਪ ਟੈਸਟ ਕਰਵਾਉਣ ਵਾਲੇ ਕਈ ਵਿਅਕਤੀਆਂ ਦੀਆਂ ਤਸਵੀਰਾਂ ਨਹੀਂ ਸਨ। ਕਈ ਰਜਿਸਟਰਾਂ ਦੇ ਪੰਨੇ ਗਾਇਬ ਪਾਏ ਗਏ। ਇਹ ਵੀ ਸਾਹਮਣੇ ਆਇਆ ਕਿ ਡੋਪ ਟੈਸਟ ਦੀਆਂ ਰਿਪੋਰਟਾਂ ਕੁਝ ਲੋਕਾਂ ਨੂੰ ਉੱਡਦੇ ਹੀ ਮੁਹੱਈਆ ਕਰਵਾਈਆਂ ਗਈਆਂ ਜੋ ਨਿਯਮਾਂ ਦੀ ਉਲੰਘਣਾ ਹੈ। ਮੈਨੁਅਲ ਰਿਪੋਰਟਾਂ ਕਿਸੇ ਵਿਅਕਤੀ ਨੂੰ ਨਹੀਂ ਦਿਤੀਆਂ ਜਾਣੀਆਂ ਚਾਹੀਦੀਆਂ।