
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਗਈ ਨੰਨ੍ਹੀ ਛਾਂ ਮੁਹਿੰਮ ਦੇ 10 ਸਾਲ ਪੂਰੇ ਹੋਣ 'ਤੇ ਪੰਜਾਬ ਚੈਰੀਟੇਬਲ ਟਰੱਸਟ.........
ਬਠਿੰਡਾ (ਦਿਹਾਤੀ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਗਈ ਨੰਨ੍ਹੀ ਛਾਂ ਮੁਹਿੰਮ ਦੇ 10 ਸਾਲ ਪੂਰੇ ਹੋਣ 'ਤੇ ਪੰਜਾਬ ਚੈਰੀਟੇਬਲ ਟਰੱਸਟ ਵੱਲੋਂ ਹਲਕਾ ਮੌੜ ਦੀ ਸੰਗਤ ਦੇ ਸਹਿਯੋਗ ਨਾਲ ਮੌੜ ਮੰਡੀ ਵਿਖੇ ਸੂਬਾ ਪੱਧਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਨਵੀਂ ਦਾਣਾ ਮੰਡੀ ਵਿਚ ਦੇਰ ਸ਼ਾਮ ਤੋਂ ਰਾਤ ਤੱਕ ਚੱਲੇ ਗੁਰਮਤਿ ਸਮਾਗਮਾਂ ਵਿਚ ਗਿਆਨੀ ਪਿੰਦਰਪਾਲ ਸਿੰਘ ਨੇ ਅਰਦਾਸ ਦੀ ਮਹਾਨਤਾ ਨੂੰ ਲੈ ਕੇ ਵਿਆਖਿਆ ਕੀਤੀ ਅਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਫਲਸਫੇ ਨਾਲ ਜੋੜਿਆ। ਭਾਈ ਰਾਏ ਸਿੰਘ ਅਤੇ ਭਾਈ ਓਂਕਾਰ ਸਿੰਘ ਨੇ ਕੀਰਤਨ ਕੀਤਾ।
ਬੀਬਾ ਬਾਦਲ ਨੇ ਕਥਾ ਕੀਰਤਨ ਸੁਣਨ ਉਪਰੰਤ ਲੰਗਰ ਵਿਚ ਸੇਵਾਦਾਰ ਬੀਬੀਆਂ ਨਾਲ ਪ੍ਰਸ਼ਾਦੇ ਵੀ ਤਿਆਰ ਕਰਵਾਏ ਅਤੇ ਸਮਾਗਮ ਦੀ ਸਮਾਪਤੀ ਤੋ ਬਾਅਦ ਪੰਗਤ ਵਿਚ ਬੈਠ ਕੇ ਲੰਗਰ ਛਕਿਆ। । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਅਪਣੇ ਵਿਰਸੇ ਅਤੇ ਸਿੱਖ ਫਲਸਫੇ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸੇ ਲਈ ਅਕਾਲੀ ਦਲ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਆਈਆ ਹੋਈਆਂ ਦਾ ਸੰਗਤਾਂ ਦਾ ਧੰਨਵਾਦ ਕੀਤਾ।