
328 ਸਰੂਪ ਲਾਪਤਾ ਕਰਨ ਵਾਲਿਆਂ ਵਿਰੁਧ ਮਾਮਲਾ ਦਰਜ ਕੀਤਾ ਜਾਵੇ : ਭਾਈ ਮੋਹਕਮ ਸਿੰਘ
ਅੰਮ੍ਰਿਤਸਰ, 27 ਅਗੱਸਤ (ਪਰਮਿੰਦਰਜੀਤ): ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਦਮਦਮੀ ਟਕਸਾਲ ਮਹਿਤਾ ਦੇ ਸਾਬਕਾ ਬੁਲਾਰੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਗੁੰਮ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਇਸ ਮਾਮਲੇ ਨੂੰ ਬਰਗਾੜੀ ਕਾਂਡ ਵਾਂਗ ਘੱਟੇ ਕੌਡੀਆਂ ਵਿਚ ਰਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਦਲ ਦਲੀਆਂ ਦੇ ਕਫਨ ਵਿਚ ਇਹ ਆਖ਼ਰੀ ਕਿੱਲ ਸਾਬਤ ਹੋਣਗੇ। ਜਾਰੀ ਇਕ ਬਿਆਨ ਰਾਹੀਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਧਾਰਾ 295 ਏ ਤਹਿਤ ਪੁਲਿਸ ਕੋਲ ਮੁਕੱਦਮਾ ਦਰਜ ਕਰ ਕੇ ਇਹ ਸਰੂਪ ਲੱਭੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਅਪਰਾਧ ਤਾਂ ਬਰਗਾੜੀ ਕਾਂਡ ਨਾਲੋਂ ਵੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁਦੇ ਤੋਂ imageਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ ਤੇ ਹੋਈ ਅਣਗਹਿਲੀ ਦੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ।