
ਮਤਾ ਰੱਦ ਕਰਨ ਦੀ ਕਾਰਵਾਈ ਨੂੰ ਗ਼ੈਰ ਸੰਵਿਧਾਨਿਕ ਦਸਿਆ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਖੇਤੀ ਆਰਡੀਨੈਸਾਂ ਬਾਰੇ ਵਿਧਾਨ ਸਭਾ ਅੰਦਰ ਪੇਸ਼ ਕੀਤਾ ਜਾਣ ਵਾਲਾ ਮਤਾ ਰੱਦ ਕਰਨ ਦੀ ਕਾਰਵਾਈ ਨੂੰ ਗ਼ੈਰ ਸੰਵਿਧਾਨਕ ਦਸਦਿਆਂ ਕਿਹਾ ਕਿ ਮਤਾ ਰੱਦ ਕਰਨ ਦੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੀ ਸਾਂਝ ਦਾ ਪੁਖਤਾ ਸਬੂਤ ਹੈ। ਵਾਰੀ ਵਾਰੀ ਰਾਜ ਕਰਨ ਦੇ ਵਰਤਾਰੇ ਨੇ ਇਸ ਸਾਂਝ ਨੂੰ ਹੋਰ ਪਕੇਰੀ ਕਰਨ ਲਈ ਉਤਸਾਹਿਤ ਕੀਤਾ ਹੈ। ਇਹ ਗੂੜੀ ਸਾਂਝ ਲੋਕ ਹੱਕਾਂ ਨੂੰ ਦਬਾਉਣ ਲਈ ਬੇਹੱਦ ਖ਼ਤਰਨਾਕ ਹੈ।
Parminder Singh Dhindsa
ਸ. ਢੀਂਡਸਾ ਨੇ ਦਸਿਆ ਕਿ ਉਨ੍ਹਾਂ 21 ਅਗਸਤ ਨੂੰ ਵਿਧਾਨ ਸਭਾ ਕਾਰਜ ਨਿਯਮਾਂਵਾਲੀ ਦੇ ਨਿਯਮ –71 ਅਧੀਨ ਤਿੰਨ ਖੇਤੀ ਆਰਡੀਨੈਸਾਂ ਉੱਪਰ ਬਹਿਸ ਕਰਨ ਲਈ ਨੋਟਿਸ ਦਿਤਾ ਸੀ ਜਿਸ ਵਿਚ ਨਿਯਮ –77 ਦਾ ਹਵਾਲਾ ਦਿੰਦੇ ਹੋਏ ਸਾਫ਼ ਕਿਹਾ ਗਿਆ ਹੈ ਕਿ ਨੋਟਿਸ 7 ਦਿਨ ਪਹਿਲਾਂ ਦਿਤਾ ਜਾ ਰਿਹਾ ਹੈ ਪਰ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਨੇ ਇਹ ਨੋਟਿਸ ਅੱਜ ਰੱਦ ਕਰ ਦਿਤਾ ਕਿਉਂਕਿ ਇਸ ਨੋਟਿਸ ਉਪਰ ਖੇਤੀ ਆਰਡੀਨੈਸਾਂ ਬਾਰੇ ਬਹਿਸ ਵੀ ਹੋਣੀ ਸੀ ਤੇ ਵੋਟਿੰਗ ਵੀ।
Parminder Singh Dhinsa
ਇਹ ਸਭ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਕਰਵਾਉਣਾ ਨਹੀਂ ਚਾਹੁੰਦੇ । ਇਹ ਨੋਟਿਸ ਰੱਦ ਕਰਨ ਬਾਰੇ ਸਪੀਕਰ ਸਾਹਿਬ ਨੂੰ ਸਵਾਲ ਪੁੱਛੇ ਗਏ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ, ਜਿਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਮਤਾ ਕਿਸੇ ਦਬਾਅ ਹੇਠ ਰੱਦ ਕੀਤਾ ਗਿਆ ਹੈ।
Capt Amrinder Singh-Sukhbir Badal
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਅਕਾਲੀ ਦਲ (ਬਾਦਲ) ਖੇਤੀ ਆਰਡੀਨੈਸਾਂ ਦੀ ਬਹਿਸ ਤੋਂ ਭੱਜਣਾ ਚਾਹੁੰਦੇ ਹਨ। ਦੋਵੇਂ ਧਿਰਾਂ ਲੋਕਾਂ ਸਾਹਮਣੇ ਸੱਚ ਪੇਸ਼ ਕਰਨ ਤੋਂ ਭੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹਾ ਸਧਾਰਨ ਮਤਾ ਵਿਧਾਨ ਸਭਾ ਅੰਦਰ ਲਿਆਉਣ ਦੀ ਤਾਕ ਵਿਚ ਹੈ ਜਿਸ ਉੱਪਰ ਨਾ ਹੀ ਬਹਿਸ ਹੋਵੇ ਅਤੇ ਨਾ ਹੀ ਵੋਟਿੰਗ ਹੋ ਸਕੇ। ਇਸ ਨਾਲ ਇਹ ਵੀ ਸਪੱਸ਼ਟ ਨਹੀਂ ਹੋਵੇਗਾ ਕਿ ਕਿਸ ਵਿਧਾਇਕ ਨੇ ਆਰਡੀਨੈਂਸ ਦੇ ਹੱਕ ਵੋਟ ਪਾਈ ਹੈ ਤੇ ਕਿਸ ਨੇ ਖਿਲਾਫ਼ ਵੋਟ ਪਾਈ ਹੈ। ਇਹ ਪੰਜਾਬ ਸਰਕਾਰ ਤੇ ਬਾਦਲ ਦਲ ਰਲ ਮਿਲ ਕੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ।
Parminder Dhindsa
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਹਰ ਕਿਸੇ ਨੂੰ ਸ਼ਰਮਸਾਰ ਕੀਤਾ ਹੈ ਤੇ ਸ਼੍ਰੋਮਣੀ ਕਮੇਟੀ ਦੀ ਸ਼ਾਖ ਨੂੰ ਵੱਡਾ ਧੱਕਾ ਮਾਰਿਆ ਹੈ। ਲਾਪਤਾ ਹੋਏ ਪਾਵਨ ਸਰੂਪਾਂ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਉੱਥੇ ਬਾਦਲ ਪਰਿਵਾਰ ਇਸ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ ਕਿਉਂਕਿ ਕਾਫ਼ੀ ਅਰਸੇ ਤੋਂ ਸ਼੍ਰੋਮਣੀ ਕਮੇਟੀ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਕੀਤਾ ਹੋਇਆ ਹੈ। ਦੁਨੀਆ ਭਰ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰ ਰਹੇ ਹਨ ਕਿ ਇਸ ਡੁੰਘੀ ਸਾਜ਼ਿਸ ਖਿਲਾਫ਼ ਬਾਦਲ ਦਲ ਦੇ ਜ਼ਿੰਮੇਵਾਰ ਆਗੂਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦੇ ਨਜ਼ਰੀਏ ਤੋਂ ਚਲਾ ਰਹੇ ਹਨ ਜਿਨ੍ਹਾਂ ਕਰਕੇ ਪੰਥਕ ਸੰਸਥਾਵਾਂ ਦੀ ਮਾਣ ਮਰਿਯਾਦਾ ਨੂੰ ਵੱਡੀ ਢਾਹ ਲੱਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।