
ਮੁੱਖ ਮੰਤਰੀ ਵਲੋਂ ਡੀ.ਜੀ.ਪੀ. ਨੂੰ ਸ਼ਰਾਬ ਦੀਆਂ ਦੁਕਾਨਾਂ ਸ਼ਾਮ 6.30 ਵਜੇ ਤਕ ਬੰਦ ਕਰਵਾਉਣ ਦੇ ਹੁਕਮ
to
ਚੰਡੀਗੜ੍ਹ, 27 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਨਿਰਦੇਸ਼ ਦਿਤੇ ਕਿ ਸੂਬੇ ਵਿਚ ਕੋਵਿਡ ਮਾਮਲਿਆਂ ਦੀ ਵਧਦੀ ਗਿਣਤੀ ਜੋ ਕਿ 46 ਹਜ਼ਾਰ ਤਕ ਪਹੁੰਚ ਚੁੱਕੀ ਹੈ ਅਤੇ 1200 ਦੀ ਜਾਨ ਲੈ ਚੁੱਕੀ ਹੈ ਅਤੇ ਜਿਸ ਦੇ ਆਉਂਦੇ ਹਫ਼ਤਿਆਂ ਵਿਚ ਹੋਰ ਵੱਧਣ ਦੀ ਸੰਭਾਵਨਾ ਹੈ, ਦੇ ਮੱਦੇਨਜ਼ਰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰਾਂ/ਕਸਬਿਆਂ ਵਿਚ ਸ਼ਰਾਬ ਦੇ ਠੇਕਿਆਂ ਨੂੰ ਸ਼ਾਮ 6.30 ਵਜੇ ਤਕ ਸਖ਼ਤੀ ਨਾਲ ਬੰਦ ਕਰਵਾਉਣ।
ਸ਼ਰਾਬ ਦੀਆਂ ਇਹ ਦੁਕਾਨਾਂ 31 ਅਗਸਤ ਤਕ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿਚ 10 ਵਜੇ ਤਕ ਖੁਲ੍ਹੇ ਰਹਿਣਗੇ ਅਤੇ ਇਸ ਤੋਂ ਬਾਅਦ ਇਸ ਫ਼ੈਸਲੇ ਦੀ ਸਮੀਖਿਆ ਕਰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਦੇ ਇਹ ਹੁਕਮ ਸ਼ਹਿਰਾਂ ਵਿਚ ਸ਼ਾਮ 6.30 ਵਜੇ, ਜੋ ਕਿ ਹੋਰ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਹੁੰਦਾ ਹੈ, ਤੋਂ ਵੀ ਕਾਫੀ ਸਮੇਂ ਬਾਅਦ ਤਕ ਵੀ ਸ਼ਰਾਬ ਦੀਆਂ ਦੁਕਾਨਾਂ ਦੇ ਖੁੱਲ੍ਹੇ ਰਹਿਣ ਦੀਆਂ ਰਿਪੋਰਟਾਂ ਦਰਮਿਆਨ ਆਏ ਹਨ। ਮੁੱਖ ਮੰਤਰੀ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਅਤੇ ਸਿਹਤ/ਮੈਡੀਕਲ ਖੇਤਰ ਦੇ
ਮਾਹਰਾਂ ਨਾਲ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੂਬੇ ਵਿਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਸਨ। ਸੂਬੇ ਦੇ ਪੇਂਡੂ ਖੇਤਰਾਂ ਵਿਚ ਵੀ ਇਸ ਮਹਾਂਮਾਰੀ ਦੇ ਫੈਲ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿੰਡਾਂ ਦੇ ਸਰਪੰਚਾਂ ਨੂੰ ਪੱਤਰ ਲਿਖਣਗੇ ਤਾਂ ਜੋ ਸੁਰੱਖਿਆ ਪ੍ਰੋਟੋਕਾਲਾਂ ਅਤੇ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਸੂਬੇ ਨੂੰ ਮੁਫ਼ਤ ਪੀ.ਪੀ.ਈ. ਕਿੱਟਾਂ ਦੇਣਾ ਬੰਦ ਕਰਨ ਨਾਲ ਸੂਬੇ ਲਈ ਵਸੀਲਿਆਂ ਦੀ ਘਾਟ ਦੇ ਮੱਦੇਨਜ਼ਰ ਔਕੜ ਭਰੀ ਸਥਿਤੀ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਹੈ ਇਸ ਲਈ ਐਸ.ਡੀ.ਆਰ.ਐਫ. ਦੀ ਹੱਦ ਤੋਂ ਖ਼ਰਚਿਆਂ ਵਿਚ ਛੋਟ ਲਈ ਕੋਸ਼ਿਸ਼ ਜਾਰੀ ਹੈ। ਡਾ. ਕੇ.ਕੇ. ਤਲਵਾਰ ਨੇ ਇਸ ਮੌਕੇ ਕੋਵਿਡ ਮਾਮਲਿਆਂ ਦੀ ਲਗਾਤਾਰ ਵੱਧਦੀ ਜਾ ਰਹੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਿਣਤੀ 46 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ 1219 ਮੌਤਾਂ ਹੋ ਚੁੱਕੀਆਂ ਹਨ। ਲੈਵਲ-3 ਪੱਧਰ ਦੀ ਸੰਭਾਲ ਦੇ ਮਾਮਲੇ ਵਿਚ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵੱਧੀ ਹੈ ਅਤੇ ਇਸ ਪੱਧਰ 'ਤੇ ਆਈ.ਸੀ.ਯੂ. ਸਮਰੱਥਾ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਸਿਹਤ ਵਿਭਾਗ ਵੱਲੋਂ ਜਾਣਕਾਰੀ ਦਿੰਦੇ ਹੋਏ ਸਕੱਤਰ ਹੁਸਨ ਲਾਲ ਨੇ ਦਸਿਆ ਕਿ ਸੂਬੇ ਵਿਚ ਬੀਤੇ ਹਫ਼ਤੇ ਦੌਰਾਨ ਟੈਸਟਿੰਗ 17 ਹਜ਼ਾਰ ਤੋਂ ਵੱਧ ਕੇ 24 ਹਜ਼ਾਰ ਹੋ ਗਈ ਹੈ ਅਤੇ ਇਸ ਦੇ ਅਗਸਤ ਮਹੀਨੇ ਦੇ ਅੰਤ ਤੱਕ 30 ਹਜ਼ਾਰ ਪ੍ਰਤੀ ਦਿਨ ਤੱਕ ਅੱਪੜ ਜਾਣ ਦੀ ਉਮੀਦ ਹੈ। ਇਸ ਦੇ ਮੁਕਾਬਲੇ ਪਾਜ਼ਿਟਿਵ ਕੇਸਾਂ ਦੀ ਦਰ 3-10 ਅਗਸਤ ਦੇ ਹਫ਼ਤੇ ਦੌਰਾਨ 9.31 ਫੀਸਦੀ ਤੋਂ ਘਟ ਕੇ 11-18 ਅਗਸਤ ਦੇ ਹਫ਼ਤੇ ਵਿੱਚ 8.13 ਫੀਸਦੀ ਤੱਕ ਆ ਗਈ ਅਤੇ 19-25 ਅਗਸਤ ਤੱਕ ਦੇ ਹਫ਼ਤੇ ਦੌਰਾਨ ਇਹ ਹੋਰ ਹੇਠਾਂ ਆਉਂਦੀ ਹੋਈ 7.27 ਤੱਕ ਆ ਗਈ। ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਅਨਿਰੁੱਧ ਤਿਵਾੜੀ ਨੇ ਮੀਟਿੰਗ ਮੌਕੇ ਮੈਡੀਕਲ ਕਾਲਜਾਂ ਵਿਚ ਤੀਜੇ ਦਰਜੇ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿਤੀ ਜਾ ਰਹੀ ਹੈ ਪਰ ਇਹ ਸਿਰਫ ਪ੍ਰੀਖਣ ਦੇ ਪੱਧਰ ਉੱਤੇ ਹੈ ਅਤੇ ਬਚਾਅ ਦੀ ਦਰ ਮਹਿਜ਼ 30-50 ਫੀਸਦੀ ਦੇ ਦਰਮਿਆਨ ਹੈ।