
ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਦੇ ਬਿਆਨ ਦੇ ਉਲਟ ਸੁਰ ਬੋਲ ਰਹੇ ਹਨ ਪ੍ਰੋ.ਚੰਦੂਮਾਜਰਾ
ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ): ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਇਸ ਵੇਲੇ ਸੱਭ ਅੱਛਾ ਨਹੀਂ ਤੇ ਹੁਣ ਜ਼ਿਲ੍ਹੇ ਤੇ ਸਰਕਲ ਪੱਧਰ 'ਤੇ ਵੀ ਪਾਰਟੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨਾਂ ਵਿਚ ਕਈ ਸ਼੍ਰੋਮਣੀ ਕਮੇਟੀ ਮੈਂਬਰ ਤੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਉਸ ਸਮੇਂ ਨਵੀਂ ਸਥਿਤੀ ਪੈਦਾ ਹੋਈ ਹੈ ਜਦੋਂ ਕਿ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਤੇ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅੱਜ ਦੇ ਹੀ ਬਿਆਨ ਤੋਂ ਵਖਰੀ ਸੁਰ ਵਾਲਾ ਬਿਆਨ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਾਰੀ ਕੀਤਾ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਦਲ ਅੰਦਰ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਵੀ ਮਤਭੇਦ ਹਨ। ਇਹਨੀਂ ਦਿਨੀਂ ਸੂਬੇ ਵਿਚ ਕਿਸਾਨਾਂ ਦਾ ਅੰਦੋਲਨ ਵੀ ਆਰਡੀਨੈਂਸਾਂ ਵਿਰੁਧ ਤਿੱਖਾ ਹੋ ਰਿਹਾ ਹੈ ਤੇ ਪੰਜਾਬ ਵਿਧਾਨ ਸਭਾ ਦੇ 28 ਦੇ ਸੈਸ਼ਨ ਵਿਚ ਵੀ ਇਨ੍ਹਾਂ ਆਰਡੀਨੈਂਸਾਂ ਵਿਰੁਧ ਮਤਾ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਦਨ ਵਿਚ ਇਸ ਦਾ ਖੁਲ੍ਹ ਕੇ ਸਮਰਥਨ ਕਰਨ ਦੇ ਰੋਂਅ ਵਿਚ ਨਹੀਂ।
ਜ਼ਿਕਰਯੋਗ ਹੈ ਕਿ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਸੁਖਬੀਰ ਬਾਦਲ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦਾ ਆਇਆਂ ਪੱਤਰ ਪੜ੍ਹ ਕੇ ਸੁਣਾਇਆ ਜਿਸ ਵਿਚ ਉਨ੍ਹਾਂ ਖੇਤੀ ਆਰਡੀਨੈਂਸਾਂ 'ਤੇ ਸੂਬੇ ਵਿਚ ਪੈਦਾ ਹੋ ਰਹੀ ਰੋਸ ਲਹਿਰ ਦੇ ਮੱਦੇਨਜ਼ਰ ਸਪੱਸ਼ਟੀਕਰਨ ਦਿਤਾ
ਹੈ ਕਿ ਘੱਟੋ ਘੱਟ ਸਮਰਥਨ ਪ੍ਰਣਾਲੀ ਅਤੇ ਮੰਡੀ ਸਿਸਟਮ ਭਵਿੱਖ ਵਿਚ ਵੀ ਜਾਰੀ ਰਹੇਗਾ। ਸੁਖਬੀਰ ਬਾਦਲ ਨੇ ਵਰਚੂਅਲ ਪ੍ਰੈਸ ਕਾਨਫ਼ਰੰਸ ਵਿਚ ਵੀ ਇਸ ਪੱਤਰ ਦੀ ਕੋਰ ਕਮੇਟੀ ਮੀਟਿੰਗ ਬਾਅਦ ਜਾਣਕਾਰੀ ਦਿਤੀ ਅਤੇ ਇਸ ਨੂੰ ਅਕਾਲੀ ਦਲ ਦੀ ਵੱਡੀ ਪ੍ਰਾਪਤੀ ਵੀ ਕਿਹਾ ਪਰ ਇਸ ਦੇ ਬਾਵਜੂਦ ਪਾਰਟੀ ਦੇ ਸੀਨੀਅਰ ਨੇਤਾ ਪ੍ਰੋ. ਚੰਦੂਮਾਜਰਾ ਨੇ ਵਖਰਾ ਸੁਰ ਵਾਲਾ ਲਿਖਤੀ ਬਿਆਨ ਦਾਗ ਦਿਤਾ ਹੈ। ਉਨ੍ਹਾਂ ਇਸ ਬਿਆਨ ਵਿਚ ਇਥੋਂ ਤਕ ਕਹਿ ਦਿਤਾ ਹੈ ਕਿ ਕੇਂਦਰੀ ਖੇਤੀ ਆਰਡੀਨੈਂਸਾਂ ਬਾਰੇ ਸੂਬੇ ਦੇ ਕਿਸਾਨਾਂ ਵਿਚ ਪੈਦਾ ਹੋ ਰਹੇ ਸ਼ੰਕਿਆਂ ਬਾਰੇ ਕੇਂਦਰ ਸਰਕਾਰ ਤੋਂ ਠੋਸ ਲਿਖਤੀ ਸਪਸ਼ਟੀਕਰਨ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਂਝੀ ਰਾਏ ਬਣਾ ਕੇ ਪੰਜਾਬ ਦੀ ਟੀਮ ਦੀ ਅਗਵਾਈ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਖੇਤੀ ਆਰਡੀਨੈਂਸ ਸੰਸਦ ਵਿਚ ਬਿੱਲ ਦੇ ਰੂਪ ਪੇਸ਼ ਹੁੰਦੇ ਹਨ ਤਾਂ ਉਸ ਸਮੇਂ ਇਹ ਸਪੱਸ਼ਟੀਕਰਨ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ।
ਪ੍ਰੋ. ਚੰਦੂਮਾਜਰਾ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਨੂੰ ਸੰਬੋਧਤ ਹੁੰਦਿਆਂ ਹੱਥ ਲਿਖਤ ਪੱਤਰ ਵੀ ਲਿਖਿਆ ਹੈ ਜੋ ਮੀਡੀਆ ਨੂੰ ਵੀ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਅਕਾਲੀ ਦਲ ਵਿਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਪਸ਼ਟ ਮਤਭੇਦ ਸਾਹਮਣੇ ਆ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰੋ. ਚੰਦੂਮਾਜਰਾ ਬਾਰੇ ਪਿਛਲੇ ਦਿਨਾਂ ਵਿਚ ਵੀ ਕਈ ਤਰ੍ਹਾਂ ਦੇ ਚਰਚੇ ਚਲਦੇ ਰਹੇ ਹਨ ਅਤੇ ਦੋ ਵਾਰ ਸੁਖਬੀਰ ਬਾਦਲ ਖ਼ੁਦ ਉਨ੍ਹਾਂ ਦੇ ਘਰ ਪਿਛਲੇ ਦਿਨਾਂ ਵਿਚ ਜਾ ਚੁੱਕੇ ਹਨ। ਇਸ ਤੋਂ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਦਲ ਦਲ ਲਈ ਚੰਗੇ ਨਹੀਂ।