
ਅਮਰੀਕਾ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਚੱਲੀਆਂ ਗੋਲੀਆਂ, ਦੋ ਦੀ ਮੌਤ
ਕੇਨੋਸ਼ਾ, 27 ਅਗੱਸਤ : ਅਮਰੀਕਾ 'ਚ ਜੇਕਬ ਬਲੈਕ ਨਾਂ ਦੇ ਕਾਲੇ ਵਿਅਕਤੀ ਨੂੰ ਪੁਲਿਸ ਵਲੋਂ ਗੋਲੀ ਮਾਰੇ ਜਾਣ ਦੀ ਘਟਨਾ ਦੇ ਵਿਰੋਧ 'ਚ ਲਗਾਤਾਰ ਤੀਸਰੇ ਦਿਨ ਪ੍ਰਦਰਸ਼ਨ ਜਾਰੀ ਰਹੇ। ਇਸੇ ਦੌਰਾਨ ਰਾਤ ਨੂੰ ਦੋ ਵਿਅਕਤੀਆਂ ਨੂੰ ਗੋਲੀ ਮਾਰੇ ਜਾਣ ਦੇ ਬਾਅਦ 17 ਸਾਲਾ ਇਕ ਗ਼ੋਰੇ ਵਿਅਕਤੀ ਨੂੰ ਬੁਧਵਾਰ ਨੂੰ ਗਿਫ੍ਰਤਾਰ ਕਰ ਲਿਆ ਗਿਆ।
ਇਲਨਾਇਸ ਦੇ ਐਟੀਓਕ ਦੇ ਰਹਿਣ ਵਾਲੇ ਕਾਈਲ ਰਿਟੇਨਹਾਉਸ ਨੂੰ ਕਤਲ ਦੇ ਸ਼ਕ 'ਚ ਗ੍ਰਿਫ਼ਤਾਰ ਕੀਤਾ ਗਿਆ। ਐਂਟੀਓਕ ਕੇਨੋਸ਼ ਤੋਂ ਲਗਭਗ 15 ਮੀਲ ਦੂਰ ਸਥਿਤ ਹੈ। ਮੋਬਾਈਲ ਫ਼ੋਨ ਦੇ ਕੈਮਰੇ 'ਚ ਕੈਦ ਕੀਤੇ ਗਏ ਇਕ ਵੀਡੀਉ 'ਚ ਦੇਖਿਆ ਜਾ ਸਕਦਾ ਹੈ ਕਿ ਮੰਗਲਵਾਰ ਦੀ ਰਾਤ ਸੜ੍ਹਕ ਦੇ ਵਿਚਕਾਰ ਸੇਮੀ ਆਟੋਮੈਟਿਕ ਰਾਈਫ਼ਲ ਨਾਲ ਇਕ ਗੋਰੇ ਨੌਜਵਾਨ ਨੇ ਗੋਲੀਬਾਰੀ ਕੀਤੀ ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਗੋਲੀਬਾਰੀ ਦੇ ਮੱਦੇਨਜ਼ਰ ਵਿਸਕਾਨਸਿਨ ਦੇ ਗਵਰਨਰ ਟੋਨੀ ਏਵਰਜ਼ ਨੇ ਨੈਸ਼ਨਲ ਗਾਰਡ ਦੇ 500 ਕਰਮੀਆਂ ਨੂੰ ਕੇਨੋਸ਼ ਭੇਜਣ ਦਾ ਫ਼ੈਸਲਾ ਲਿਆ ਹੈ।
ਗਵਰਨਰ ਦੇ ਦਫ਼ਤਰ ਵਲੋਂ ਦਸਿਆ ਗਿਆ ਕਿ ਉਹ ਨੈਸ਼ਨਲ ਗਾਰਡ ਦੇ ਵਧੇਰੇ ਕਰਮੀਆਂ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਤੈਨਾਤ ਕਰਨ ਲਈ ਹੋਰ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਸ਼ਾਮ ਸੱਤ ਵਜੇ ਤੋਂ ਕਰਫ਼ਿਊ ਦਾ ਵੀ ਐਲਾਨ ਕਰ ਦਿਤਾ ਹੈ। ਗਵਰਨਰ ਨੇ ਕਿਹਾ, ''ਇਸ ਤਰ੍ਹਾਂ ਦਾ ਦੁਖਾਂਤ ਫਿਰ ਤੋਂ ਨਹੀਂ ਹੋਣਾ ਚਾਹੀਦਾ। '' ਵਾਸ਼ਿੰਗਟਨ 'ਚ ਨਿਆਂ ਵਿਭਾਗ ਨੇ ਕਿਹਾ ਹੈ ਕਿ ਉਹ ਸਥਿਤੀ ਨੂੰ ਕਾਬੂ 'ਚ ਕਰਨ ਲਈ ਸੰਘੀ ਜਾਂਚ ਏਜੰਸੀ ਐਫਬੀਆਈ ਅਤੇ ਮਾਰਸ਼ਲਾਂ ਨੂੰ ਭੇਜ ਰਿਹਾ ਹੈ। (ਪੀਟੀਆਈ)
image