
ਸੰਯੁਕਤ ਕਿਸਾਨ ਮੋਰਚੇ ਵਲੋਂ 25 ਸਤੰਬਰ ਨੂੰ 'ਭਾਰਤ ਬੰਦ' ਦਾ ਸੱਦਾ
ਦੇਸ਼ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ : ਰਾਕੇਸ਼ ਟਿਕੈਤ
ਨਵੀਂ ਦਿੱਲੀ/ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ) : ਕੇਂਦਰ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਜਾਰੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਸ਼ੁਕਰਵਾਰ ਨੂੰ 25 ਸਤੰਬਰ ਨੂੰ 'ਭਾਰਤ ਬੰਦ' ਦਾ ਸੱਦਾ ਦਿਤਾ ਹੈ | ਮੋਰਚੇ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਪਿਛਲੇ ਸਾਲ ਨਵੰਬਰ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਅਤੇ ਵਿਸਥਾਰ ਦੇਣਾ ਹੈ | ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐਸ.ਕੇ.ਐਮ. ਦੇ ਆਸ਼ੀਸ਼ ਮਿੱਤਲ ਨੇ ਕਿਹਾ,''ਅਸੀਂ 25 ਸਤੰਬਰ ਨੂੰ 'ਭਾਰਤ ਬੰਦ' ਦਾ ਸੱਦਾ ਦੇ ਰਹੇ ਹਾਂ | ਉਨ੍ਹਾਂ ਕਿਹਾ,''ਇਹ ਪਿਛਲੇ ਸਾਲ ਇਸੇ ਤਾਰੀਖ਼ ਨੂੰ ਆਯੋਜਤ ਇਸੇ ਤਰ੍ਹਾਂ ਦੇ 'ਬੰਦ' ਤੋਂ ਬਾਅਦ ਹੋ ਰਿਹਾ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਸਫ਼ਲ ਰਹੇਗਾ, ਜੋ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਹੋਇਆ ਸੀ |''
ਸ਼ੁਕਰਵਾਰ ਨੂੰ ਸੰਪੰਨ ਹੋਏ ਕਿਸਾਨਾਂ ਦੇ ਅਖਿਲ ਭਾਰਤੀ ਸੰਮੇਲਨ ਦੇ ਕੋਆਰਡੀਨੇਟਰ ਨੇ ਕਿਹਾ ਕਿ 2 ਦਿਨਾ ਪ੍ਰੋਗਰਾਮ ਸਫ਼ਲ ਰਿਹਾ ਅਤੇ 22 ਸੂਬਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਸ 'ਚੋਂ ਨਾ ਸਿਰਫ਼ ਖੇਤੀ ਸੰਘਾਂ ਸਗੋਂ ਔਰਤਾਂ, ਮਜ਼ਦੂਰਾਂ, ਆਦਿਵਾਸੀਆਂ ਦੇ ਨਾਲ-ਨਾਲ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਕਲਿਆਣ ਲਈ ਕੰਮ ਕਰਨ ਵਾਲੇ ਸੰਗਠਨਾਂ ਦੇ ਮੈਂਬਰ ਵੀ ਸ਼ਾਮਲ ਹੋਏ | ਇਸੇ ਦੌਰਾਨ ਅੱਜ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦੇਸ਼ ਨੂੰ ਬਚਾਉਣ ਦੀ ਲੜਾਈ ਹੁਣ ਮੋਦੀ ਸਰਕਾਰ ਵਿਰੁਧ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਅੰਦੋਲਨ ਲੋਕ ਅੰਦੋਲਨ ਬਣ ਚੁੱਕਿਆ ਹੈ | ਿ
ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਸੈਕਟਰ 25 ਵਿਚ ਹੋਈ ਕਿਸਾਨ ਰੈਲੀ ਵਿਚ ਪਹੁੰਚੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਰੇਲਵੇ, ਐਫ਼.ਸੀ.ਆਈ. ਤੇ ਏਅਰਪੋਰਟ ਸਮੇਤ ਸਾਰੇ ਵੱਡੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਕੇ ਵੇਚਣ ਦੇ ਰਾਹ ਤੁਰੀ ਹੋਈ ਹੈ ਜੋ ਦੇਸ਼ ਲਈ ਗੰਭੀਰ ਚੁਨੌਤੀ ਹੈ | ਦਿੱਲੀ ਦੀਆਂ ਹੱਦਾਂ ਉਪਰ ਚਲ ਰਹੇ ਕਿਸਾਨ ਮੋਰਚੇ ਬਾਰੇ ਉਨ੍ਹਾਂ ਕਿਹਾ ਕਿ ਇਹ ਹਾਲੇ ਲੰਮਾ ਚਲਣ ਦੇ ਆਸਾਰ ਹਨ ਕਿਉਂਕਿ ਮੋਦੀ ਸਰਕਾਰ ਦਾ ਰਵਈਆ ਪੂਰੀ ਤਰ੍ਹਾਂ ਨਾਂਹ ਪੱਖੀ ਹੈ |
ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਭਰਮ ਵਿਚ ਨਾ ਰਹੇ ਕਿਉਂਕਿ ਕਿਸਾਨ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਮੁੜਨ ਵਾਲੇ ਨਹੀਂ | 9 ਮਹੀਨੇ ਦਾ ਸਮਾਂ ਹੋ ਚੁੱਕਿਆ ਹੇ ਤੇ ਇਹ ਇਤਿਹਾਸਕ ਅੰਦੋਲਨ ਹੈ ਜਿਸ ਤਹਿਤ ਦੇਸ਼ ਦੀ ਰਾਜਧਾਨੀ ਦੀਆਂ ਹੱਦਾਂ ਦੀ ਇੰਨੇ ਲੰਮੇ ਸਮੇਂ ਤੋਂ ਘੇਰਾਬੰਦੀ ਚਲ ਰਹੀ ਹੋਵੇ | ਉਨ੍ਹਾਂ ਕਿਹਾ ਕਿ ਸਾਡਾ ਸਿਆਸਤ ਵਿਚ ਹਿੱਸਾ ਲੈਣ ਦਾ ਕੋਈ ਵਿਚਾਰ ਨਹੀਂ ਅਤੇ ਅੰਦੋਲਨ ਦਾ ਰਾਹ ਹੀ ਸਹੀ ਹੈ |
ਉਨ੍ਹਾਂ ਇਹ ਵੀ ਕਿਹਾ ਕਿ ਪਛਮੀ ਬੰਗਾਲ ਤੋਂ ਬਾਅਦ ਹੁਣ ਭਾਜਪਾ ਨੂੰ ਸਬਕ ਸਿਖਾਉਣ ਲਈ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਮਿਸ਼ਨ 2022 ਚਲੇਗਾ | ਮੁਜ਼ੱਫ਼ਰਪੁਰ ਦੀ ਮਹਾਂ ਰੈਲੀ ਵੀ ਇਤਿਹਾਸਕ ਹੋਵੇਗੀ |
ਉਨ੍ਹਾਂ ਕਿਹਾ ਕਿ ਜੋ ਵੀ ਭਾਜਪਾ ਵਾਲੇ ਵੋਟਾਂ ਮੰਗਣ ਆਉਣਗੇ ਤਾਂ ਉਨ੍ਹਾਂ ਦੀ ਘੇਰਾਬੰਦੀ ਕਰ ਕੇ ਸਵਾਲ ਪੁਛੇ ਜਾਣਗੇ ਕਿ ਮੋਦੀ ਦਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕਿਥੇ ਗਿਆ? ਭਾਜਪਾ ਵਿਰੁਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਟਿਕੈਤ ਨੇ ਬਾਅਦ ਵਿਚ ਸੈਕਟਰ 25 ਵਿਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਖੇਤਰ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਅਤੇ ਕਿਸਾਨਾਂ ਵਿਚ ਅੰਦੋਲਨ ਦੀ ਹੋਰ ਮਜ਼ਬੂਤੀ ਲਈ ਸੱਦਾ ਦਿਤਾ | ਉਨ੍ਹਾਂ ਕਿਹਾ ਕਿ ਅੰਦੋਲਨ ਭਾਵੇਂ ਜਿੰਨਾ ਮਰਜ਼ੀ ਲੰਮਾ ਹੋ ਜਾਵੇ ਆਖ਼ਰ ਮੋਦੀ ਸਰਕਾਰ ਨੂੰ ਇਕ ਦਿਨ ਝੁਕਣਾ ਹੀ ਪੈਣਾ ਹੈ |
ਡੱਬੀ
ਅਡਾਨੀ ਤੇ ਅੰਬਾਨੀ ਦੇ ਗੋਦਾਮ ਤੋੜ ਕੇ ਛੱਪੜ ਬਣਾਵਾਂਗੇ
ਟਿਕੈਤ ਨੇ ਕਿਹਾ ਕਿ ਜੇ ਮੋਦੀ ਸਰਕਾਰ ਦਾ ਵੱਡੇ ਪੂੰਜੀਪਤੀਆਂ ਘਰਾਣਿਆਂ ਨਾਲ ਇਸ ਤਰ੍ਹਾਂ ਦਾ ਲਗਾਅ ਰਿਹਾ ਤਾਂ ਆਖ਼ਰ ਸਾਨੂੰ ਅਡਾਨੀ ਅਤੇ ਅੰਬਾਨੀ ਵਰਗੇ ਵੱਡੇ ਕਾਰਪੋਰੇਟਾਂ ਦੇ ਗੋਦਾਮ ਤੋੜ ਕੇ ਛੱਪੜ ਬਣਾਉਣੇ ਹੀ ਪੈਣਗੇ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਤਾਨਾਸ਼ਾਹ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਤ ਕਰਨ ਵਾਸਤੇ ਸਖ਼ਤ ਐਕਸ਼ਨ ਕਰਨੇ ਪੈਣੇ ਹਨ |
ਫ਼ੋਟੋ: ਸੰਤੋਖ ਸਿੰਘ ਵਲੋਂ