ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਬਠਿੰਡਾ ਤੋਂ ਬੱਲੋਵਾਲ ਤਕ ਬਣਾਈ ਜਾ ਰਹੀ ਸੜਕ ਵਿਰੁਧ ਬੀਕੇਯੂ (ਡਕੌਂਦਾ) ਨੇ ਕੀਤੀ ਮੀਟਿੰਗ
ਰਾਏਕੋਟ, 26 ਅਗੱਸਤ ( ਜਸਵੰਤ ਸਿੰਘ ਸਿੱਧੂ) : ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਬਠਿੰਡਾ ਤੋਂ ਬੱਲੋਵਾਲ ਤੱਕ ਬਣਾਈ ਜਾ ਰਹੀ ਸੜਕ ਤੋਂ ਪੀੜਤ ਇਲਾਕੇ ਭਰ ਦੇ ਪਿੰਡਾਂ ਦੇ ਕਿਸਾਨਾਂ ਦੀ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਹੋਈ |
ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਮਾਸਟਰ ਤਾਰਾ ਸਿੰਘ ਅੱਚਰਵਾਲ ਤੇ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਪੀੜਤ ਕਿਸਾਨਾਂ ਨਾਲ ਬਿਨਾਂ ਕੋਈ ਗੱਲ ਕੀਤੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਯੂਨੀਅਨ ਵਲੋਂ ਪੁਰਜ਼ੋਰ ਨਿੰਦਾ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਜਿਹਾ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਤਾਂ ਇਲਾਕੇ ਭਰ ਦੇ ਕਿਸਾਨ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਧੱਕੇ ਖ਼ਿਲਾਫ਼ ਸੜਕਾਂ ਤੇ ਉਤਰਨਗੇ | ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਮੀਟਿੰਗ ਵਿੱਚ ਕਿਸਾਨਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਜ਼ਮੀਨਾਂ ਦੇ ਰੇਟਾਂ 'ਚ ਕੀਤੇ ਵਾਧੇ ਅਨੁਸਾਰ ਜ਼ਮੀਨਾਂ ਦੀ ਦੁਬਾਰਾ ਕੀਮਤ ਨਿਰਧਾਰਤ ਕੀਤੀ ਜਾਵੇ ਅਤੇ ਸੜਕ ਨਾਲ ਦੁਫਾੜ ਹੋਈ ਜ਼ਮੀਨ ਅਤੇ ਪਾਣੀ ਲਈ ਮੋਟਰਾਂ ਦੇ ਕੁਨੈਕਸ਼ਨ ਸਮੇਤ ਬੋਰ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ, ਕਿਸਾਨਾਂ ਵੱਲੋਂ ਲਾਏ ਦਰੱਖਤਾਂ ਦੀ ਕੀਮਤ ਦਿੱਤੀ ਜਾਵੇ, ਮੁਸ਼ਤਰਕਾ ਖਾਤੇ ਵਾਲੇ ਕਿਸਾਨਾਂ ਚੋਂ ਕਬਜ਼ਾ ਧਾਰਕਾਂ ਨੂੰ ਹੀ ਮੁਆਵਜ਼ਾ ਮਿਲੇ ਤੇ ਠੇਕੇ ਤੇ ਜ਼ਮੀਨ ਵਾਹ ਰਹੇ ਕਿਸਾਨਾਂ ਦੀਆਂ ਫਸਲਾਂ ਦੇ ਮੁਆਵਜ਼ਾ ਤੋ ਇਲਾਵਾ ਉਜਾੜਾ ਭੱਤਾ ਦਿੱਤਾ ਜਾਵੇ |
ਉਹਨਾਂ ਅੱਗੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਆਉਣ ਵਾਲੇ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਬਾਹਰ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ |
ਇਸ ਤੋਂ ਉਹਨਾਂ ਪਾਵਰਕਾਮ ਦੇ ਐਕਸੀਅਨ ਪ੍ਰੀਤ ਮਹਿੰਦਰ ਸਿੰਘ ਰਾਏਕੋਟ ਨਾਲ ਗੱਲਬਾਤ ਕਰਕੇ ਬਿਜਲੀ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਪਿੰਡਾਂ ਵਿੱਚ ਕਿਸੇ ਵੀ ਸਥਾਨ ਤੇ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ |
ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ ਬਲਾਕ ਪ੍ਰਧਾਨ ਮਹਿਲ ਕਲਾਂ, ਸਕੱਤਰ ਤਾਰਾ ਸਿੰਘ ਅੱਚਰਵਾਲ, ਦੋਰਾਹਾ ਬਲਾਕ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਕਲਾਂ , ਪ੍ਰਧਾਨ ਹਰਜੀਤ ਸਿੰਘ ਕਲਸੀਆ, ਪ੍ਰਧਾਨ ਸਾਧੂ ਸਿੰਘ ਚੱਕ ਭਾਈਕਾ, ਸਤਬੀਰ ਸਿੰਘ ਬੋਪਾਰਾਏ ਖੁਰਦ, ਕਮਲਪ੍ਰੀਤ ਸਿੰਘ ਗਰੇਵਾਲ, ਮਨਮੋਹਨ ਸਿੰਘ ਬੱਸੀਆਂ, ਬਿੰਦਰ ਸਿੰਘ ਨੱਥੋਵਾਲ, ਹਰਜੀਤ ਸਿੰਘ ਕਲਸੀਆਂ, ਜਗਦੇਵ ਸਿੰਘ, ਕਰਨੈਲ ਸਿੰਘ ਹੇਰਾਂ, ਹਰਚੰਦ ਸਿੰਘ ਢੋਲਣ, ਕਮਲਪ੍ਰੀਤ ਬੱਸੀਆਂ, ਰਾਜਿੰਦਰ ਸਿੰਘ ਬੁਰਜ ਹਰੀ ਸਿੰਘ, ਕੁਲਵਿੰਦਰ ਸਿੰਘ ਟਿੱਬਾ, ਬਲਦੇਵ ਸਿੰਘ ਅਕਾਲਗੜ੍ਹ ਖੁਰਦ, ਜਸਵੰਤ ਸਿੰਘ ਜਲਾਲਦੀਵਾਲ, ਹਾਕਮ ਸਿੰਘ ਬਿੰਜਲ, ਆਲਮਦੀਨ ਰਾਏਕੋਟ ਆਦਿ ਹਾਜ਼ਰ ਸਨ |