
ਸੁਲਤਾਨਪੁਰ ਲੋਧੀ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਸੁਲਤਾਨਪੁਰ ਲੋਧੀ: ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਲੋਨੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੇ ਕੱਲ੍ਹ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਅਤਿੰਦਰਪਾਲ ਸਿੰਘ (31) ਦੀ ਮੌਤ ਹੋ ਗਈ, ਜਿਸਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।
Drug
ਇਸ ਮੌਕੇ ਪਿੰਡ ਫੌਜੀ ਕਲੋਨੀ ਦੇ ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਭਜਨ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਮਹਿੰਦਰ ਸਿੰਘ, ਮ੍ਰਿਤਕ ਦੇ ਭਰਾ ਹਰਮਿੰਦਰ ਸਿੰਘ, ਲਵਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਅਤਿੰਦਰਪਾਲ ਸਿੰਘ ਪਿਛਲੇ 7-8 ਸਾਲ ਤੋਂ ਨਸ਼ੇ ਦਾ ਆਦੀ ਸੀ। ਬੀਤੇ ਦਿਨੀਂ ਉਸ ਨੇ ਕਥਿਤ ਤੌਰ ’ਤੇ ਨਸ਼ੇ ਦਾ ਇਕ ਟੀਕਾ ਲਗਾਇਆ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਪਰਿਵਾਰਕ ਮੈਂਬਰਾਂ ਨੇ ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਸੀ ਪਰ ਬੀਤੇ ਕੱਲ੍ਹ ਉਸ ਦੀ ਮੌਤ ਹੋ ਗਈ। ਸਾਬਕਾ ਸਰਪੰਚ ਭਜਨ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੋਸ਼ ਲਾਉਂਦਿਆ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ , ਸਭ ਨੇ ਸਿਰਫ਼ ਆਪਣੇ ਘਰ ਹੀ ਭਰੇ ਹਨ, ਕਿਸੇ ਨੇ ਵੀ ਪੰਜਾਬ ’ਚੋਂ ਨਸ਼ਾ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਇਲਾਕੇ ਵਿਚ ਇਸ ਵੇਲੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
Youth dies of drug overdose
ਉਨ੍ਹਾਂ ਮੰਗ ਕੀਤੀ ਇਲਾਕੇ ਵਿਚ ਧੜਾਧੜ ਵਿਕ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਪੰਜਾਬ ਦੀ ਉੱਜੜ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ। ਮ੍ਰਿਤਕ ਅਤਿੰਦਰਪਾਲ ਸਿੰਘ ਆਪਣੇ ਪਿੱਛੇ ਵਿਧਵਾ ਮਾਤਾ ਗੁਰਜੀਤ ਕੌਰ, ਪਤਨੀ ਤੇ 2 ਬੱਚਿਆਂ ਨੂੰ ਵਿਲਕਦਿਆਂ ਛੱਡ ਗਿਆ ਹੈ। ਇਸ ਸਬੰਧੀ ਮੁੱਖ ਥਾਣਾ ਅਫ਼ਸਰ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।