
ਅਦਾਲਤਾਂ ਤੋਂ ਵੀ ਇਨਸਾਫ ਦੀ ਆਸ ਨਹੀਂ
ਅੰਮ੍ਰਿਤਸਰ: ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਬਾਹਰ ਇਨਸਾਫ਼ ਦੀ ਉਡੀਕ ਵਿੱਚ ਬੈਠੀ ਸਿੱਖ ਸੰਗਤ ਆਸ ਸੀ ਕਿ ਅਦਾਲਤ ਵੱਲੋਂ ਨਾਮਧਾਰੀ ਡੇਰੇ ਦੇ ਕੂੜ ਪ੍ਰਚਾਰ ਨੂੰ ਰੋਕ ਲਗਾਉਣ ਅਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਸੰਗਤ ਵਿਚ ਉਸ ਸਮੇਂ ਰੋਸ ਪੈਦਾ ਹੋ ਗਿਆ ਜਦੋਂ ਮੁਦਈ ਧਿਰ ਨੂੰ ਹੀ ਅਦਾਲਤ ਦੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਗੁੱਸੇ ਵਿੱਚ ਆਈ ਸੰਗਤ ਵੱਲੋਂ ਅਦਾਲਤ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਦਾਲਤ ਵੱਲੋਂ ਸਿੱਖ ਪੰਥ ਦੇ ਦੋਸ਼ੀਆਂ ਦੇ ਖਿਲਾਫ਼ ਅੱਜ ਤਕ ਕਿਸੇ ਵੀ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।
PHOTO
ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਅਦਾਲਤ ਵਿੱਚ 2007 ਤੋਂ ਹੁਣ ਤਕ ਬਹੁਤ ਜ਼ਿਆਦਾ ਕੇਸ ਕੀਤੇ ਗਏ ਪਰ ਅੱਜ ਤਕ ਕਿਸੇ ਵੀ ਕੇਸ ਵਿਚ ਇਨਸਾਫ ਨਹੀਂ ਮਿਲਿਆ। ਇਸ ਅਦਾਲਤ ਵਿਚ ਇਕ ਚੇਅਰਮੈਨ ਅਤੇ ਦੋ ਡਾਇਰੈਕਟਰ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ। ਗੁਰੂ ਕੀ ਗੋਲਕ ਵਿਚੋਂ ਲੱਖਾਂ ਰੁਪਏ ਤਨਖ਼ਾਹ ਅਤੇ ਹੋਰ ਸਹੂਲਤਾਂ ਲੈ ਕਿ ਸਿੱਖੀ ਪੰਥ ਦੇ ਦੋਸ਼ੀਆਂ ਨੂੰ ਇਸ ਅਦਾਲਤ ਦਾ ਕੋਈ ਵੀ ਡਰ ਨਹੀਂ ਹੈ ਕਿਉਂਕਿ ਅੱਜ ਤੱਕ ਇਸ ਅਦਾਲਤ ਨੇ ਕਿਸੇ ਵੀ ਪੰਥ ਦੋਸ਼ੀਆਂ ਨੂੰ ਸਜ਼ਾ ਨਹੀਂ ਸੁਣਾਈ।
ਅੱਜ ਨਾਮਧਾਰੀ ਡੇਰੇ ਵਾਲੇ ਕੇਸ ਤੋਂ ਇਲਾਵਾ ਆਨੰਦਪੁਰ ਸਾਹਿਬ ਵਿੱਚ ਦੋ ਕਰੋੜ ਦੀ ਲੁੱਟ ਸਿਰਫ਼ ਤੇਰਾਂ ਮਰਲੇ ਜਗ੍ਹਾ ਖਰੀਦਣ ਵੇਲੇ ਉਸ ਵੇਲੇ ਦੇ ਪ੍ਰਧਾਨ ਮੱਕੜ ਅਤੇ ਕੁਝ ਹੋਰ ਲੋਕਾਂ ਨੇ ਕੀਤੀ ਸੀ ਉਹ ਕੇਸ ਦੀ ਵੀ ਅੱਜ ਸੁਣਵਾਈ ਸੀ। ਸਿਰਸਾ ਨੇ ਕਿਹਾ ਕਿ ਉਕਤ ਅਦਾਲਤ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਬਾਦਲਾਂ ਦੀ ਸਰਕਾਰ ਨਹੀਂ ਰਹੀ ਤਾਂ ਹੁਣ ਸਿੱਖ ਸੰਗਤ ਛੇਤੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਇਨ੍ਹਾਂ ਮਹੰਤ ਨਰੈਣੂ ਦੀਆਂ ਰੂਹਾਂ ਵਾਲੇ ਬਾਦਲਾਂ ਅਤੇ ਇਸ ਦੇ ਝੋਲੀ ਚੁੱਕਾਂ ਨੂੰ ਚੱਲਦਾ ਕਰੇਗੀ। ਤੁਸੀਂ ਹੁਣ ਹੀ ਗੁਰੂ ਕੀ ਗੋਲਕ ਵਿਚੋਂ ਲਈ ਹੋਈ ਤਨਖਾਹ ਦੀ ਲਾਜ ਰੱਖ ਲਵੋ ਨਹੀਂ ਤਾਂ ਤੁਹਾਨੂੰ ਸੰਗਤ ਕਦੇ ਮੁਆਫ਼ ਨਹੀਂ ਕਰੇਗੀ।
ਅਦਾਲਤ ਨੇ ਅੱਜ ਫਿਰ ਤੋਂ 2 ਸਤੰਬਰ 22 ਦੀ ਤਰੀਕ ਪਾ ਦਿੱਤੀ ਗਈ। ਸਿੱਖ ਸੰਗਤ ਵੱਲੋਂ ਵੀ ਅਗਲੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਕਿਉਂਕਿ ਅਦਾਲਤ ਦੇ ਰਵੱਈਏ ਤੋਂ ਨਹੀਂ ਲੱਗਦਾ ਕਿ ਅਦਾਲਤ ਸਿੱਖ ਸੰਗਤ ਨੂੰ ਇਨਸਾਫ਼ ਦੇਣਾ ਚਾਹੁੰਦੀ ਹੈ। ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨਸੀਬ ਸਿੰਘ ਸਾਂਘਣਾ , ਜਸਵੰਤ ਸਿੰਘ ਗੁਰਦਿਆਲ ਸਿੰਘ ਕਰਮਜੀਤ ਸਿੰਘ ਸਾਰੇ ਪਠਾਨਕੋਟ , ਹਰਦੇਵ ਸਿੰਘ ਚਿੱਟੀ , ਗੁਰਬਾਜ ਸਿੰਘ ਤਰਨਤਾਰਨ , ਗੁਰਲਾਲ ਸਿੰਘ ਅੰਮ੍ਰਿਤਸਰ ਸਿਰਸਾ , ਤੀਰਥ ਸਿੰਘ ਕੋਹਾਲੀ ਪ੍ਰਧਾਨ ਆਟੋ ਯੂਨੀਅਨ , ਦਿਲਬਾਗ ਸਿੰਘ ਵੈਟਰਨਰੀ ਯੂਨੀਅਨ , ਹਰਪਾਲ ਸਿੰਘ ਕਰਨਾਲ ਹਰਿਆਣਾ , ਵਕੀਲ ਸਿੰਘ ਬਰਾੜ ਹਰਿਆਣਾ , ਮੇਕ ਸਿੰਘ ਸਿਰਸਾ ਹਰਿਆਣਾ , ਮਨਦੀਪ ਕੌਰ ਪੰਨੂ ਬਲਵਿੰਦਰ ਸਿੰਘ ਮਾਨ ਸਿੰਘ ਬਹਾਦੁਰ ਸਿੰਘ ਸਾਰੇ ਮੋਹਾਲੀ , ਗੁਰਜੀਤ ਕੌਰ ਫਤਹਿਗੜ੍ਹ ਸਾਹਿਬ , ਵਰਿੰਦਰਪਾਲ ਸਿੰਘ ਗੰਗਾਨਗਰ ਆਦਿ ਹਾਜ਼ਰ ਸਨ।