
ਸਮਾਜ ਸੇਵੀ ਹਰਤੀਰਥ ਸਿੰਘ ਆਹਲੂਵਾਲੀਆ ਨਾਲ ਵਾਪਰੀ ਘਟਨਾ
ਗੁਰੂਗ੍ਰਾਮ - ਸਥਾਨਕ ਜ਼ਿਲ੍ਹੇ ਦੇ ਪੌਸ਼ ਇਲਾਕੇ DLF ਫੇਜ਼ ਵਨ ਦੇ ਇੱਕ ਰੈਸਟੋਰੈਂਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸਿੱਖ ਨੌਜਵਾਨ ਨੂੰ ਕ੍ਰਿਪਾਨ ਲੈ ਕੇ ਰੈਸਟੋਰੈਂਟ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਵੀਡੀਓ ਵਿਚ ਸਿੱਖ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਹ ਕਿਰਪਾਨ ਤਲਵਾਰ ਨਹੀਂ ਹੈ। ਇਸ ਨਾਲ ਅਸੀਂ ਕਿਤੇ ਵੀ ਜਾ ਸਕਦੇ ਹਾਂ। ਇਹ ਸੁਪਰੀਮ ਕੋਰਟ ਦਾ ਵੀ ਫ਼ੈਸਲਾ ਹੈ।
ਰੈਸਟੋਰੈਂਟ 'ਚ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਵੀ ਸਿੱਖ ਨੌਜਵਾਨ ਦਾ ਸਮਰਥਨ ਕੀਤਾ। ਇਹ ਸਿੱਖ ਨੌਜਵਾਨ ਹੇਮਕੁੰਟ ਫਾਊਂਡੇਸ਼ਨ ਦਾ ਡਾਇਰੈਕਟਰ ਹਰਤੀਰਥ ਸਿੰਘ ਆਹਲੂਵਾਲੀਆ ਹੈ। ਕੁਝ ਲੋਕਾਂ ਦੇ ਸਮਰਥਨ ਤੋਂ ਬਾਅਦ ਸਿੱਖ ਨੌਜਵਾਨ ਨੂੰ ਰੈਸਟੋਰੈਂਟ 'ਚ ਦਾਖਲ ਹੋਣ ਦਿੱਤਾ ਗਿਆ ਪਰ ਉਸ ਨੇ ਦੋਸ਼ ਲਗਾਇਆ ਕਿ ਅੰਦਰ ਜਾਣ ਦੇ ਬਾਵਜੂਦ ਉਸ ਨੂੰ ਰੈਸਟੋਰੈਂਟ 'ਚੋਂ ਖਾਣਾ ਤੇ ਪਾਣੀ ਨਹੀਂ ਦਿੱਤਾ ਗਿਆ ਅਤੇ ਉਹ ਬਿਨਾਂ ਖਾਧੇ ਹੀ ਉਥੋਂ ਵਾਪਸ ਆ ਗਿਆ।
ਇਸ ਸਬੰਧੀ ਹਰਤੀਰਥ ਸਿੰਘ ਆਹਲੂਵਾਲੀਆ ਨੇ ਆਪਣੇ ਬੈਕ ਟੂ ਬੈਕ ਟਵੀਟ ਵਿਚ ਲਿਖਿਆ ਕਿ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਡੀਐਲਐਫ ਫੇਜ਼ 1, ਗੁਰੂਗ੍ਰਾਮ ਨੇੜੇ ਜਲਸਾ ਦਿ ਲੱਦਾਖੀ ਕਿਚਨ ਵਿਚ ਮੋਮੋਜ਼ ਖਾਣ ਗਿਆ ਸੀ। ਉੱਥੇ ਮੈਨੂੰ ਘੋਰ ਅਪਮਾਨ ਦਾ ਸਾਹਮਣਾ ਕਰਨਾ ਪਿਆ। ਰੈਸਟੋਰੈਂਟ ਨੇ ਮੈਨੂੰ ਕਿਰਪਾਨ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ। ਇਹ 21ਵੀਂ ਸਦੀ ਵਿੱਚ ਗੁਰੂਗ੍ਰਾਮ ਵਰਗੇ ਸ਼ਹਿਰ ਲਈ ਵੀ ਹੈਰਾਨੀਜਨਕ ਹੈ। ਕਿਵੇਂ ਕੁਝ ਲੋਕ ਅਤੇ ਕੁਝ ਥਾਵਾਂ 'ਤੇ ਅਜੇ ਵੀ ਸਿੱਖਾਂ ਨਾਲ ਵਿਤਕਰਾ ਜਾਰੀ ਹੈ।
ਭਾਰਤੀ ਸੰਵਿਧਾਨ ਅਤੇ ਹਵਾਈ ਉਡਾਣ ਨਿਯਮਾਂ ਅਨੁਸਾਰ ਸਿੱਖਾਂ ਨੂੰ ਆਪਣੇ ਨਾਲ ਕਿਰਪਾਨ ਰੱਖਣ ਦਾ ਅਧਿਕਾਰ ਹੈ। ਇਸ ਦੇ ਬਾਵਜੂਦ ਜਲਸਾ ਨੇ ਉਨ੍ਹਾਂ ਨੂੰ ਰੈਸਟੋਰੈਂਟ ਅੰਦਰ ਜਾਣ ਤੋਂ ਰੋਕਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜਿਨ੍ਹਾਂ ਨੂੰ ਕਿਰਪਾਨ ਦੇ ਨਿਯਮਾਂ ਦੀ ਜਾਣਕਾਰੀ ਸੀ, ਉਹਨਾਂ ਨੇ ਮੇਰਾ ਸਮਰਥਨ ਕੀਤਾ ਪਰ ਅੰਦਰ ਜਾਣ 'ਤੇ ਵੀ ਮੈਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਅਜਿਹੀਆਂ ਸੰਸਥਾਵਾਂ ਨੂੰ ਸਮੇਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਅਸੀਂ ਇੱਕ ਵਿਭਿੰਨ ਸਮਾਜ ਵਿਚ ਰਹਿੰਦੇ ਹਾਂ। ਅਜਿਹੀ ਸਥਿਤੀ ਵਿਚ ਧਰਮ ਦੇ ਆਧਾਰ 'ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਹਰਤੀਰਥ ਸਿੰਘ ਨੇ ਕਿਹਾ ਕਿ ਉਹ ਹਰ ਵਾਰ ਦੀ ਤਰ੍ਹਾਂ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਸੀ ਤੇ ਜਦੋਂ ਉਹ ਅੰਦਰ ਜਾਣ ਲੱਗਿਆ ਤਾਂ ਉਸ ਨੂੰ ਬਾਊਂਸਰ ਨੇ ਰੋਕ ਲਿਆ। ਹਰਤੀਰਥ ਨੇ ਦੱਸਿਆ ਕਿ ਉਹ ਪਹਿਲਾਂ ਵੀ ਉਸ ਰੈਸਟੋਰੈਂਸ ਵਿਚ ਜਾ ਚੁੱਕਾ ਹੈ ਪਰ ਪਹਿਲਂ ਕਦੇ ਇਸ ਤਰ੍ਹਾਂ ਨਹੀਂ ਹੋਇਆ।
ਉਹਨਾਂ ਨੇ ਦੱਸਿਆ ਕਿ ਜਦੋਂ ਮੈਨੇਜਰ ਆਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਕਿਹਾ ਕਿ ਤੁਸੀਂ ਤਲਵਾਰ ਪਾਈ ਹੈ ਅੰਦਰ ਨਹੀਂ ਜਾ ਸਕਦੇ, ਉਸ ਨੇ ਦੱਸਿਆ ਕਿ ਉਸ ਦੇ ਨਾਲ ਉਸ ਦਾ ਵਕੀਲ ਦੋਸਤ ਵੀ ਸੀ ਜਿਸ ਨੇ ਉਹਨਾਂ ਨੂੰ ਦੱਸਿਆ ਕਿ ਇਹ ਤਲਵਾਰ ਨਹੀਂ ਕਿਰਪਾਨ ਹੈ ਤੇ ਸਿੱਖਾਂ ਨੂੰ ਇਹ ਕਿਰਪਾਨ ਪਾ ਕੇ ਜਾਣ ਦੀ ਇਜ਼ਾਜਤ ਹੈ।
ਆਹਲੂਵਾਲੀਆ ਨੇ ਦੱਸਿਆ ਕਿ ਉਸ ਦੇ ਹਰ ਰੋਜ਼ ਉਹੀ 6 ਇੰਚ ਦੀ ਕਿਰਪਾਨ ਪਾਉਂਦੇ ਹਨ ਤੇ ਪਹਿਲਾਂ ਤਾਂ ਕਦੇ ਕਿਸੇ ਨੇ ਨਹੀਂ ਰੋਕਿਆ।
ਫਿਰ ਜਦੋਂ ਕੁੱਝ ਲੋਕਾਂ ਨੇ ਜ਼ੋਰ ਪਾਇਆ ਫਿਰ ਜਾ ਕੇ ਅੰਦਰ ਜਾਣ ਦਿੱਤਾ ਤੇ ਜਦੋਂ ਅੰਦਰ ਬੈਠ ਗਏ ਤਾਂ ਵੀ ਉਹਨਾਂ ਦਾ ਵਰਤਾਰਾ ਠੀਕ ਨਹੀਂ ਸੀ ਕਿਉਂਕਿ ਉਹ ਅੰਦਰ 20-25 ਮਿੰਟ ਬੈਠੇ ਰਹੇ ਤਾਂ ਉਹਨਾਂ ਨੂੰ ਖਾਣਾ ਤੇ ਪਾਣੀ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਵੇਟਰਾਂ ਨੂੰ ਕਿਹਾ ਪਰ ਫਿਰ ਵੀ ਉਹਨਾਂ ਨੂੰ ਖਾਣਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਉੱਥੋਂ ਉੱਠ ਕੇ ਚਲੇ ਗਏ। ਉਹਨਾਂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅੱਜ 21ਵੀਂ ਸਦੀ ਵਿਚ ਵੀ ਸਿੱਖਾਂ ਨਾਲ ਅਜਿਹਾ ਵਰਤਾਰਾ ਹੋ ਰਿਹਾ ਹੈ।