
ਆਉਣ ਵਾਲੇ ਦਿਨਾਂ ਵਿੱਚ ਨਸ਼ਾ ਤਸਕਰਾਂ ਦੀ ਇਹ ਜਾਇਦਾਦ ਜ਼ਬਤ ਕੀਤੀ ਜਾਵੇਗੀ।
ਖੰਨਾ - ਖੰਨਾ 'ਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੁਲਸ ਨੇ 5 ਮਾਮਲਿਆਂ 'ਚ 13 ਜਣਿਆਂ ਦੀ ਕਰੀਬ ਪੌਣੇ 5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਵਾਉਣ 'ਚ ਸਫ਼ਲਤਾ ਹਾਸਲ ਕੀਤੀ। ਆਉਣ ਵਾਲੇ ਦਿਨਾਂ ਵਿੱਚ ਨਸ਼ਾ ਤਸਕਰਾਂ ਦੀ ਇਹ ਜਾਇਦਾਦ ਜ਼ਬਤ ਕੀਤੀ ਜਾਵੇਗੀ।
ਇਸ ਪ੍ਰਕਾਰ ਦੀ ਇਹ ਜਿਲ੍ਹੇ ਦੀ ਪਹਿਲੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 3 ਕੇਸ ਥਾਣਾ ਸਮਰਾਲਾ ਨਾਲ ਸਬੰਧਤ ਹਨ ਅਤੇ 2 ਕੇਸ ਥਾਣਾ ਸ੍ਰੀ ਮਾਛੀਵਾੜਾ ਸਾਹਿਬ ਨਾਲ ਸਬੰਧਤ ਹਨ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ 5 ਮਾਮਲਿਆਂ ਵਿੱਚ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਕਮਰਸ਼ੀਅਲ ਬਰਾਮਦਗੀ ਕੀਤੀ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰਾਂ ਨੇ ਇਸ ਗੈਰ ਕਾਨੂੰਨੀ ਧੰਦੇ ਤੋਂ ਵੱਡੀ ਪੱਧਰ 'ਤੇ ਕਾਲਾ ਧਨ ਕਮਾਉਂਦੇ ਹੋਏ ਚੱਲ-ਅਚੱਲ ਜਾਇਦਾਦ ਬਣਾਈ ਹੈ। ਜਿਸ 'ਚ ਕੁਝ ਜਾਇਦਾਦ ਸਮੱਗਲਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਵੀ ਹੈ। ਇਸਦੀ ਮੁਕੰਮਲ ਫਾਈਲ ਤਿਆਰ ਕਰਦਿਆਂ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕੀਤੀ ਗਈ। ਭਾਰਤ ਸਰਕਾਰ ਦੀ ਸਬੰਧਤ ਅਥਾਰਟੀ ਵੱਲੋਂ ਜਾਇਦਾਦ ਅਟੈਚ ਕਰਨ ਦਾ ਕੇਸ ਸਵੀਕਾਰ ਕਰਦੇ ਹੋਏ ਇਸਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸੰਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਹੋ ਚੁੱਕੇ ਹਨ। ਖੰਨਾ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ। ਜਦੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਤੌਰ 'ਤੇ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ ਤਾਂ ਬਾਕੀ ਨਸ਼ਾ ਤਸਕਰਾਂ ਨੂੰ ਵੀ ਸਬਕ ਮਿਲੇਗਾ।