
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਵਾਲ ਕੀਤਾ ਹੈ........
ਚੰਡੀਗੜ੍ਹ (ਨੀਲ ਭਲਿੰਦਰ ਸਿਂੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਸਵਾਲ ਕੀਤਾ ਹੈ ਕਿ ਪੁਲਿਸ ਨਾਕਿਆਂ ਉਤੇ ਬਗ਼ੈਰ ਹੈਲਮਟ ਔਰਤਾਂ ਦਾ ਚਾਲਾਨ ਕੱਟਣ ਵਾਸਤੇ ਇਸ ਗੱਲ ਦਾ ਨਿਖੇੜਾ ਕਿੰਜ ਕੀਤਾ ਜਾਂਦਾ ਹੈ ਕਿ ਦੋਪਹੀਆ ਚਾਲਕ ਔਰਤਾਂ 'ਚੋਂ ਕੌਣ ਸਿੱਖ ਹੈ ਅਤੇ ਕੌਣ ਗ਼ੈਰ ਸਿੱਖ? ਇਹ ਗੱਲ ਉਦੋਂ ਪੁੱਛੀ ਗਈ ਜਦ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੂੰ ਦਸਿਆ ਗਿਆ ਕਿ ਪੰਜਾਬ ਪੁਲਿਸ ਦੁਪਹੀਆ ਵਾਹਨ ਚਾਲਕ ਬਗ਼ੈਰ ਹੈਲਮਟ ਔਰਤਾਂ ਦਾ ਚਾਲਾਨ ਨਹੀਂ ਕਰ ਰਹੀ? ਇਸ ਮੌਕੇ ਬੈਂਚ ਦਾ ਧਿਆਨ ਸੁਪਰੀਮ ਕੋਰਟ ਵਲੋਂ ਦਿਤੇ ਗਏ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਬਾਰੇ ਫ਼ੈਸਲੇ ਵਲ ਵੀ ਦਿਵਾਇਆ ਗਿਆ
ਜਿਸ ਉਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਪੁਛਿਆ ਕਿ ਇਸ ਗੱਲ ਦਾ ਨਿਖੇੜਾ ਕਿਵੇਂ ਕੀਤਾ ਜਾਂਦਾ ਹੈ ਕਿ ਬਗ਼ੈਰ ਹੈਲਮਟ ਦੁਪਹੀਆ ਚਾਲਕ ਔਰਤ ਸਿੱਖ ਹੈ ਜਾਂ ਗ਼ੈਰ ਸਿੱਖ? ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਵਿਸਥਾਰ ਵੀ ਦੇਣ ਲਈ ਕਿਹਾ ਹੈ ਕਿ ਬਗ਼ੈਰ ਪਗੜੀਧਾਰੀ ਔਰਤਾਂ ਦੇ ਚਾਲਾਨ ਕਿਉਂ ਨਹੀਂ ਕੀਤੇ ਜਾ ਰਹੇ? ਬੈਂਚ ਨੇ ਇਸ ਮੌਕੇ ਅਪਣੀ ਰਾਏ ਵੀ ਸਪੱਸ਼ਟ ਕੀਤੀ ਕਿ ਹੈਲਮਟ ਸਵੈ ਸੁਰੱਖਿਆ ਦਾ ਵਿਸ਼ਾ ਹੈ।
ਦਸਣਯੋਗ ਹੈ ਕਿ ਹਾਈ ਕੋਰਟ ਵਲੋਂ ਆਵਾਜਾਈ ਨਿਯਮਾਂ ਅਤੇ ਸੜਕ ਸੁਰਖਿਆ ਬਾਰੇ ਅਦਾਲਤੀ ਸਵੈ-ਨੋਟਿਸ ਵਾਲੇ ਕੇਸ 'ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਅਦਾਲਤ ਵਲੋਂ ਪਹਿਲਾਂ ਹੀ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਨੂੰ ਦੁਪਹੀਆ ਚਾਲਕ ਔਰਤਾਂ ਵਲੋਂ ਹੈਲਮਟ ਨਾ ਪਾ ਕੇ ਕਾਨੂੰਨ ਤੋੜਿਆ ਜਾ ਰਿਹਾ ਹੋਣ ਵਾਸਤੇ ਗ੍ਰਹਿ ਅਤੇ ਆਵਾਜਾਈ ਸਕੱਤਰਾਂ ਰਾਹੀਂ ਨੋਟਿਸ ਜਾਰੀ ਕੀਤਾ ਜਾ ਚੁਕਾ ਹੈ। ਇਹ ਕੇਸ ਬਗੈਰ ਹੈਲਮਟ ਧਾਰਕ ਔਰਤ ਦੁਪਹੀਆ ਚਾਲਕ ਦੀ ਸੜਕ ਹਾਦਸੇ 'ਚ ਹੋਈ ਮੌਤ ਦੀ ਖ਼ਬਰ ਤੋਂ ਪ੍ਰੇਰਤ ਹੈ।