
ਕਿਹਾ, ਢਾਈ ਦਹਾਕੇ ਪੁਰਾਣੀ ਭਾਈਵਾਲੀ ਤੇ ਅੰਨਦਾਤੇ ਨੂੁੰ ਅਣਗੋਲਣ ਵਾਲਾ ਗਠਜੋੜ ਪੰਜਾਬ ਦੇ ਹਿਤ 'ਚ ਨਹੀਂ ਹੋ ਸਕਦਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਕਾਲੀ-ਭਾਜਪਾ ਗਠਜੋੜ ਨੂੰ ਤੋੜਦਿਆਂ ਅਖ਼ੀਰ ਐਨ.ਡੀ.ਏ. ਤੋਂ ਅਲਹਿਦਾ ਹੋਣ ਦਾ ਐਲਾਨ ਕਰ ਦਿਤਾ ਹੈ। ਭਾਵੇਂ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਵਜ਼ਾਰਤ 'ਚੋਂ ਅਸਤੀਫ਼ਾ ਦੇਣ ਤੋਂ ਬਾਅਦ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾ ਰਿਹਾ ਸੀ, ਪਰ ਹੁਣ ਗਠਜੋੜ ਤੋਂ ਬਾਹਰ ਹੋਣ ਬਾਅਦ ਪੂਰੇ ਐਨ.ਡੀ.ਏ. ਦੀ ਕਾਰਗੁਜ਼ਾਰੀ 'ਤੇ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ।
Harsimrat Kaur Badal
ਪ੍ਰਸਿੱਧ ਪੰਜਾਬੀ ਗੀਤ ਦੇ ਬੋਲਾਂ 'ਟੁੱਟੀ ਯਾਰੀ ਤੋਂ ਬਦਲ ਗਈਆਂ ਅੱਖੀਆਂ ਤੂੰ ਮੈਨੂੰ ਮਾੜਾ ਕਹਿਣ ਲੱਗ ਪਿਆ' ਵਾਂਗ ਹੁਣ ਅਕਾਲੀ ਦਲ ਨੂੰ ਐਨ.ਡੀ.ਏ. 'ਚ ਪਹਿਲਾਂ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਇਸ ਦਾ ਪ੍ਰਤੱਖ ਪ੍ਰਮਾਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਹਾਲੀਆ ਬਿਆਨ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ''ਇਹ ਉਹ ਐਨ.ਡੀ.ਏ. ਨਹੀਂ ਰਿਹਾ, ਜਿਸ ਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।''
Parkash Singh Badal
ਹਰਸਿਮਰਤ ਕੌਰ ਬਾਦਲ ਨੇ ਟਵੀਟ ਜ਼ਰੀਏ ਅਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਅੱਜ ਪੂਰਾ ਪੰਜਾਬ ਖੇਤੀ ਕਾਨੂੰਨਾਂ ਨੂੰ ਲੈ ਕੇ ਸੜਕਾਂ 'ਤੇ ਹੈ। ਜਦਕਿ ਕੇਂਦਰ ਸਰਕਾਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ''ਜੇਕਰ ਤਿੰਨ ਕਰੋੜ ਪੰਜਾਬੀਆਂ ਦੇ ਦਰਦ ਅਤੇ ਵਿਰੋਧ ਦੇ ਬਾਵਜੂਦ ਭਾਰਤ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ ਤਾਂ ਇਹ ਉਹ ਐਨ.ਡੀ.ਏ. ਨਹੀਂ, ਜਿਸ ਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ। ਅਜਿਹਾ ਗਠਜੋੜ ਜੋ ਅਪਣੇ ਸਭ ਤੋਂ ਪੁਰਾਣੇ ਸਹਿਯੋਗੀ ਦੀ ਗੱਲ ਨਹੀਂ ਸੁਣਦਾ ਅਤੇ ਦੇਸ਼ ਦਾ ਢਿੱਡ ਭਰਨ ਵਾਲਿਆਂ ਤੋਂ ਅੱਖਾਂ ਫੇਰ ਲੈਂਦਾ ਹੈ ਤਾਂ ਅਜਿਹਾ ਗਠਜੋੜ ਪੰਜਾਬ ਦੇ ਹਿਤ 'ਚ ਨਹੀਂ ਹੋ ਸਕਦਾ।''
Harsimrat Kaur Badal
ਕਾਬਲੇਗੌਰ ਹੈ ਕਿ ਬੀਤੇ ਕੱਲ੍ਹ ਸਨਿੱਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਐਨ.ਡੀ.ਏ. ਤੋਂ ਅਲੱਗ ਹੋਣ ਦਾ ਐਲਾਨ ਕਰ ਦਿਤਾ ਸੀ। ਇਸ ਤੋਂ ਬਾਅਦ ਲਗਭਗ 22 ਸਾਲ ਪੁਰਾਣਾ ਅਕਾਲੀ-ਭਾਜਪਾ ਗਠਜੋੜ ਬੀਤੇ ਦੀ ਗੱਲ ਬਣ ਗਿਆ ਅਤੇ ਦੋਵਾਂ ਪਾਰਟੀਆਂ ਦੇ ਰਸਤੇ ਅਲੱਗ-ਅਲੱਗ ਹੋ ਗਏ ਹਨ। ਅਕਾਲੀ ਦਲ ਇਸ ਗੱਠਜੋੜ ਨੂੰ ਹਮੇਸ਼ਾ ਨਹੁੰ-ਮਾਸ ਦਾ ਰਿਸਤਾ ਦੱਸਦਾ ਰਿਹਾ ਹੈ, ਜਿਸ ਨੂੰ ਨਿਭਾਉਣ ਲਈ ਉਸ ਨੇ ਅਖ਼ੀਰ ਤਕ ਜ਼ੋਰ ਲਾਇਆ।
Sukhbir Badal And Narendra Modi
ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਉਸ ਸਮੇਂ ਕੀਤਾ ਸੀ ਜਦੋਂ ਭਾਜਪਾ ਦਾ ਪੰਜਾਬ 'ਚ ਕੋਈ ਵਜੂਦ ਨਹੀਂ ਸੀ। ਅਤਿਵਾਦ ਦੇ ਦੌਰ ਦੇ ਅਖ਼ੀਰਲੇ ਵਰ੍ਹਿਆਂ ਦੌਰਾਨ ਕੀਤਾ ਗਿਆ ਇਹ ਗਠਜੋੜ ਹਿੰਦੂ ਸਿੱਖਾਂ ਵਿਚਾਲੇ ਪਈ ਡੂੰਘੀ ਖਾਈ ਨੂੰ ਭਰਨ 'ਚ ਮਦਦਗਾਰ ਸਮਝਿਆ ਜਾਂਦਾ ਰਿਹਾ ਹੈ। ਮੁਢਲੇ ਦੌਰ ਦੌਰਾਨ ਪੰਜਾਬ ਅੰਦਰ ਭਾਜਪਾ ਬਹੁਤ ਹੀ ਘੱਟ ਸੀਟਾਂ 'ਤੇ ਚੋਣ ਲੜਦੀ ਤੇ ਜਿਤਦੀ ਰਹੀ ਹੈ, ਇਸ ਦੇ ਬਾਵਜੂਦ ਅਕਾਲੀ ਦਲ ਨੇ ਭਾਜਪਾ ਨੂੰ ਹਮੇਸ਼ਾ ਹੀ ਸਤਿਕਾਰਤ ਥਾਂ ਦਿਤੀ। ਪਿਛਲੀ ਅਕਾਲੀ-ਭਾਜਪਾ ਗਠਜੋੜ ਦੌਰਾਨ ਪੰਜਾਬ ਅੰਦਰ ਵਾਪਰੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫ਼ੀ ਵਰਗੇ ਕਾਂਡਾਂ ਤੋਂ ਬਾਅਦ ਅਕਾਲੀ ਦਲ ਦੀ ਸਾਖ਼ ਨੂੰ ਵੱਡਾ ਖੋਰਾ ਲੱਗਿਆ।
Sukhbir Singh Badal with Parkash Singh Badal
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਕਿਸਾਨ ਵੋਟ ਦੇ ਸਹਾਰੇ ਹੀ ਸੱਤਾਂ ਦੀਆਂ ਪੌੜੀਆਂ ਚੜ੍ਹਦਾ ਰਿਹਾ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਮੁੱਚੀ ਕਿਸਾਨੀ ਦੇ ਸੜਕਾਂ 'ਤੇ ਆਉਣ ਬਾਅਦ ਅਕਾਲੀ ਦਲ ਦੀ ਰਹਿੰਦੀ-ਖੂੰਹਦੀ ਸਾਖ ਵੀ ਦਾਅ 'ਤੇ ਲੱਗ ਗਈ। ਅਕਾਲੀ ਦਲ ਦੀ ਘਟਦੀ ਲੋਕਪ੍ਰਿਅਤਾ ਤੋਂ ਬਾਅਦ ਹੀ ਭਾਜਪਾ ਨੇ ਅਕਾਲੀ ਦਲ ਨੂੰ ਅਣਗੌਲਣਾ ਸ਼ੁਰੂ ਕਰ ਦਿਤਾ ਸੀ। ਅਖ਼ੀਰ ਭਾਜਪਾ ਦੀ ਅਪਣੀ ਗੱਲ ਭੁਗਾਉਣ ਦੀ ਹੱਠਧਰਮੀ ਤੇ ਅਕਾਲੀ ਦਲ ਨੂੰ ਅਣਗੌਲਣ ਦਾ ਨਤੀਜਾ 24 ਸਾਲਾਂ ਪੁਰਾਣੇ ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਦੇ ਰੂਪ ਵਿਚ ਸਾਹਮਣੇ ਆਇਆ ਹੈ।