
ਚੰਨੀ ਸਰਕਾਰ ਦੇ 15 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁਕੀ
ਸਹੁੰ ਚੁਕ ਸਮਾਰੋਹ ਤੋਂ ਕੁੱਝ ਸਮਾਂ ਪਹਿਲਾਂ ਮੰਤਰੀਆਂ ਦੀ ਸੂਚੀ ਵਿਚ ਥੋੜ੍ਹੀ ਤਬਦੀਲੀ
ਸਹੁੰ ਚੁਕ ਸਮਾਗਮ ਦੀਆਂ ਝਲਕੀਆਂ
g ਬ੍ਰਹਮ ਮਹਿੰਦਰਾ ਦੇ ਸਹੁੰ ਚੁਕਣ ਬਾਅਦ ਮਿਲਣ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਸਤਿਕਾਰ ਦਿਤਾ |
g ਸਾਰੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁਕੀ |
g ਹਰੀਸ਼ ਰਾਵਤ ਪੰਜਾਬ ਭਵਨ ਵਿਚ ਸੱਭ ਤੋਂ ਪਹਿਲਾਂ ਪਹੁੰਚੇ ਤੇ ਉਸ ਤੋਂ ਬਾਅਦ ਡਾ. ਰਾਜ ਕੁਮਾਰ ਵੇਰਕਾ ਆਏ |
g ਡਾ. ਵੇਰਕਾ ਨੇ ਸਹੁੰ ਚੁਕਣ ਸਮੇਂ ਪੜ੍ਹੇ ਗਏ ਸਹੁੰ ਪੱਤਰ ਵਿਚ ਕੁੱਝ ਸ਼ਬਦ ਜੋੜਦਿਆਂ ਭਾਰਤੀ ਸੰਵਿਧਾਨ ਨਾਲ ਡਾ. ਬਾਬਾ ਸਾਹਿਬ ਅੰਬੇਡਕਰ ਸ਼ਬਦ ਬੋਲਿਆ |
g ਸਹੁੰ ਚੁਕਣ ਦੀ ਸਾਰੀ ਕਾਰਵਾਈ 45 ਮਿੰਟ ਵਿਚ ਖ਼ਤਮ ਹੋ ਗਈ ਅਤੇ ਇਸ ਦਾ ਸੰਚਾਲਨ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਕੀਤਾ |
g ਸਹੁੰ ਚੁਕ ਸਮਾਰੋਹ ਦੀ ਸਮਾਪਤੀ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ, ਪੰਜਾਬ ਕਾਂਗਰਸ ਪ੍ਰਧਾਨ ਤੇ ਮੰਤਰੀਆਂ ਨਾਲ ਗਰੁਪ ਫ਼ੋਟੋ ਖਿਚਵਾਈ |
ਚੰਡੀਗੜ੍ਹ, 26 ਸਤੰਬਰ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ 15 ਮੈਂਬਰਾਂ ਨੇ ਅੱਜ ਅਪਣੇ ਅਹੁਦੇ ਦੀ ਸਹੁੰ ਚੁਕ ਲਈ ਹੈ | ਪੰਜਾਬ ਰਾਜ ਭਵਨ ਵਿਚ ਅੱਜ ਸ਼ਾਮ ਹੋਏ ਸਹੁੰ ਚੁਕ ਸਮਾਰੋਹ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 15 ਮੰਤਰੀਆਂਨੂੰ ਸਹੁੰ ਚੁਕਾਈ |
ਸਹੁੰ ਚੁਕ ਸਮਾਰੋਹ ਵਿਚ ਮੰਚ ਉਪਰ ਮੁੱਖ ਮੰਤਰੀ ਚੰਨੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਨਾਲ ਬੈਠੇ ਸਨ | ਨਵੇਂ ਮੰਤਰੀਆਂ ਦੀ ਸੂਚੀ ਭਾਵੇਂ ਬੀਤੇ ਦਿਨੀਂ ਕਾਂਗਰਸ ਹਾਈਕਮਾਨ ਨੇ ਫ਼ਾਈਨਲ ਕਰ ਦਿਤੀ ਸੀ ਪਰ ਇਸ ਦਾ ਅਧਿਕਾਰਤ ਐਲਾਨ ਨਹੀਂ ਸੀ ਹੋਇਆ ਤੇ ਅੱਜ ਸਹੁੰ ਚੁਕ ਸਮਾਗਮ ਤੋਂ ਪਹਿਲਾਂ ਇਕ ਮੰਤਰੀ ਦਾ ਨਾਂ ਇਸ ਸੂਚੀ ਵਿਚੋਂ ਬਾਹਰ ਹੋ ਗਿਆ | ਰਾਜਪਾਲ ਨੂੰ ਮੁੱਖ ਮੰਤਰੀ ਵਲੋਂ ਬਾਅਦ ਦੁਪਹਿਰ ਸੌਂਪੀ ਗਈ ਨਵੀਂ ਸੂਚੀ ਵਿਚ ਕੁਲਜੀਤ ਨਾਗਰਾ ਦੀ ਥਾਂ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦਾ ਨਾਂ ਸ਼ਾਮਲ ਹੋ ਗਿਆ ਸੀ | ਸੱਭ ਤੋਂ ਪਹਿਲਾਂ ਨੰਬਰ ਇਕ ਉਪਰ ਬ੍ਰਹਮ ਮਹਿੰਦਰਾ ਅਤੇ ਸੀਨੀਆਰਟੀ ਦੇ ਹਿਸਾਬ ਨਾਲ ਅੰਤ ਵਿਚ ਗੁਰਕੀਰਤ ਕੋਹਲੀ ਦਾ ਸੀ | ਬ੍ਰਹਮ ਮਹਿੰਦਰਾ ਨੂੰ ਸੱਭ ਤੋਂ ਪਹਿਲਾਂ ਸਹੁੰ ਚੁਕਵਾਏ ਜਾਣ ਬਾਅਦ ਕ੍ਰਮਵਾਰ ਮਨਪ੍ਰੀਤ ਬਾਦਲ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਅਰੁਨਾ ਚੌਧਰੀ
, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਡਾ. ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਸਹੁੰ ਚੁਕੀ |
ਨਵੇਂ ਮੰਤਰੀ ਮੰਡਲ ਵਿਚ 7 ਨਵੇਂ ਚਿਹਰੇ ਸ਼ਾਮਲ ਹਨ ਅਤੇ 5 ਪੁਰਾਣੇ ਮੰਤਰੀਆਂ ਨੂੰ ਮੁੜ ਥਾਂ ਨਹੀਂ ਮਿਲੀ | 2 ਉਪ ਮੁੱਖ ਮੰਤਰੀਆਂ ਸਮੇਤ 9 ਪੁਰਾਣੇ ਚਿਹਰੇ ਸ਼ਾਮਲ ਹਨ | ਸੰਗਤ ਸਿੰਘ ਗਿਲਜੀਆਂ ਨੂੰ ਪਛੜੀਆਂ ਸ਼ੇ੍ਰਣੀਆਂ, ਡਾ. ਵੇਰਕਾ ਨੂੰ ਅਨੁਸੂਚਿਤ ਜਾਤੀਆਂ ਵਲੋਂ ਪ੍ਰਤੀਨਿਧਤਾ ਮਿਲੀ ਹੈ | ਰਾਜਾ ਵੜਿੰਗ, ਗੁਰਕੀਰਤ ਕੋਟਲੀ ਨੌਜਵਾਨ ਚਿਹਰੇ ਹਨ | ਦੋਆਬਾ ਵਿਚੋਂ ਵੀ 3 ਮੰਤਰੀ ਸ਼ਾਮਲ ਕਰ ਕੇ ਮੰਤਰੀ ਮੰਡਲ ਵਿਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ | ਸਹੁੰ ਚੁਕ ਸਮਾਰੋਹ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ.ਪੀ., ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਮੌਜੂਦ ਸਨ |