
ਸ਼ਹੀਦ ਦੇ ਨਾਮ 'ਤੇ ਕਮਿਊਨਿਟੀ ਹਾਲ, ਖੇਡ ਮੈਦਾਨ, ਲਾਇਬਰੇਰੀ ਅਤੇ ਯਾਦਗਾਰੀ ਗੇਟ ਬਣਾਉਣ ਦਾ ਐਲਾਨ
ਚੰਡੀਗੜ੍ਹ: ਕਸ਼ਮੀਰ ਦੇ ਅਨੰਤਨਾਗ ਵਿਖੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਬੱਲਮਗੜ੍ਹ ਵਾਸੀ ਭਾਰਤੀ ਫ਼ੌਜ ਦੇ ਸੈਨਿਕ ਪ੍ਰਦੀਪ ਸਿੰਘ ਸਬੰਧੀ ਅੰਤਿਮ ਅਰਦਾਸ ਮੌਕੇ ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ਹੀਦ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸ਼ਹੀਦ ਦੀ ਬੇਮਿਸਾਲ ਕੁਰਬਾਨੀ ਦਾ ਸਦਾ ਰਿਣੀ ਰਹੇਗਾ। ਮਾਤ ਭੂਮੀ ਦੀ ਸੇਵਾ ਕਰਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਵੱਲੋਂ ਦਿੱਤੀ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ।
CABINET MINISTER CHETAN SINGH JAURAMAJRA PAYS TRIBUTES TO MARTYR PARDEEP SINGH
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਯਾਦ ਵਿੱਚ ਪਿੰਡ ਵਿੱਚ ਵੱਖ-ਵੱਖ ਕਾਰਜਾਂ 'ਤੇ 99 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੁਝ ਦਿਨ ਪਹਿਲਾਂ ਐਲਾਨ ਕਰਕੇ ਗਏ ਸਨ ਕਿ ਸ਼ਹੀਦ ਦੀ ਪਤਨੀ ਸੀਮਾ ਰਾਣੀ ਨੂੰ ਉਸ ਦੀ ਯੋਗਤਾ ਮੁਤਾਬਕ ਪਬਲਿਕ ਕਾਲਜ ਵਿਖੇ ਸਹਾਇਕ ਪ੍ਰੋਫੈਸਰ ਲਗਾਇਆ ਜਾਵੇਗਾ ਅਤੇ ਇਹ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇਸ਼ ਲਈ ਇਸ ਸੂਰਬੀਰ ਵੱਲੋਂ ਕੀਤੀ ਬੇਮਿਸਾਲ ਕੁਰਬਾਨੀ ਦੇ ਸਨਮਾਨ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਵੀ ਪਰਿਵਾਰ ਨੂੰ ਸੌਂਪ ਕੇ ਗਏ ਸਨ।
CABINET MINISTER CHETAN SINGH JAURAMAJRA PAYS TRIBUTES TO MARTYR PARDEEP SINGH
ਸ. ਜੌੜਾਮਾਜਰਾ ਨੇ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਨਾਮ ਸਮੇਤ ਪਬਲਿਕ ਕਾਲਜ ਸਮਾਣਾ ਵਿਖੇ ਨਵੇਂ ਬਣਾਏ ਜਾਣ ਵਾਲੇ ਬਲਾਕ ਦਾ ਨਾਮ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ। ਸ਼ਹੀਦ ਦੇ ਨਾਂ 'ਤੇ 20 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਮਿਊਨਿਟੀ ਹਾਲ, 16 ਲੱਖ ਰੁਪਏ ਨਾਲ ਲਾਇਬ੍ਰੇਰੀ ਅਤੇ 18 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਬਿਨਾਂ ਭਵਾਨੀਗੜ੍ਹ-ਕੁਲਾਰਾ-ਬੱਲਮਗੜ੍ਹ ਰੋਡ ਦਾ ਨਾਂ ਵੀ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ ਅਤੇ 10 ਲੱਖ ਰੁਪਏ ਨਾਲ ਭਵਾਨੀਗੜ੍ਹ ਰੋਡ 'ਤੇ ਯਾਦਗਾਰੀ ਗੇਟ ਦੀ ਉਸਾਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਾਬਾ ਅਮਰ ਦਾਸ ਡੇਰੇ ਨੂੰ ਜਾਂਦਾ ਰਸਤਾ 31 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕਰਨ ਸਮੇਤ 4 ਲੱਖ ਰੁਪਏ ਦੀ ਲਾਗਤ ਨਾਲ ਸਮਸ਼ਾਨਘਾਟ ਪੱਕਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 19 ਆਰ.ਆਰ. ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਪ੍ਰਦੀਪ ਸਿੰਘ ਅਨੰਤਨਾਗ (ਜੰਮੂ-ਕਸ਼ਮੀਰ) ਵਿਖੇ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ 13 ਸਤੰਬਰ ਨੂੰ ਸ਼ਹੀਦੀ ਪਾ ਗਿਆ ਸੀ। ਮੰਤਰੀ ਨੇ ਕਿਹਾ ਕਿ ਇਹ ਸ਼ਹੀਦੀ ਦੇਸ਼, ਪੰਜਾਬ ਅਤੇ ਵਿਸ਼ੇਸ਼ ਕਰਕੇ ਸ਼ਹੀਦ ਦੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।