
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਂਝੇ ਸਮਾਗਮ ਕਰਨ ਨੂੰ ਲੈ ਕੇ
ਸੁਲਤਾਨਪੁਰ ਲੋਧੀ ਵਿਖੇ 11 ਤੇ 12 ਨਵੰਬਰ ਨੂੰ ਸਾਂਝੇ ਸਮਾਗਮ ਕਰਵਾਉਣ ਦਾ ਸੁਝਾਅ ਦਿਤਾ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਸਾਂਝੇ ਤੌਰ ਉਤੇ ਮਨਾਉਣ ਲਈ ਆਈ ਖੜੋਤ ਨੂੰ ਤੋੜਨ ਲਈ ਇਕ ਹੋਰ ਪਹਿਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਪ੍ਰਸਤਾਵ ਪੇਸ਼ ਕੀਤਾ ਕਿ ਸ਼੍ਰੋਮਣੀ ਕਮੇਟੀ 12 ਨਵੰਬਰ ਨੂੰ ਸੂਬਾ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਸ਼ਾਮਲ ਹੋਵੇ ਜਿਸ ਵਿਚ ਦੇਸ਼ ਦੇ ਰਾਸਟਰਪਤੀ ਸਮੂਲੀਅਤ ਕਰ ਰਹੇ ਹਨ ਜਦੋਂ ਕਿ 11 ਨਵੰਬਰ ਨੂੰ ਹੋਣ ਵਾਲਾ ਸਮਾਗਮ ਸ਼੍ਰੋਮਣੀ ਕਮੇਟੀ ਦੀ ਕਮਾਨ ਹੇਠ ਹੋਵੇ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਮਲ ਹੋਣ ਦੀ ਸੰਭਾਵਨਾ ਹੈ।
Goind Singh Longowal
ਇਹ ਸੁਝਾਅ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਕੀਤੀ ਮੀਟਿੰਗ ਵਿਚ ਦਿਤਾ ਜੋ ਅੱਜ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ ਵਿਖੇ ਉਨ੍ਹਾਂ ਦੇ ਸੱਦੇ ਉਤੇ ਹੋਈ ਸੀ। ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਮੀਟਿੰਗ ਵਿਚ ਇਸ ਗੱਲ ਉਤੇ ਗੰਭੀਰਤਾ ਜ਼ਾਹਰ ਕੀਤੀ ਕਿ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਏਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ ਜਦੋਂ ਕਿ ਵੱਖ-ਵੱਖ ਸਮਾਗਮਾਂ ਵਿਚ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਕਈ ਉਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਣ ਜਾ ਰਹੀਆਂ ਹਨ।
Captain Amrinder singh
ਸਾਂਝੇ ਸਮਾਗਮਾਂ ਲਈ ਏਕਤਾ ਨਾ ਹੋਣ ਦੀ ਸੂਰਤ ਵਿਚ ਸਾਰੀਆਂ ਧਿਰਾਂ ਲਈ ਨਮੋਸ਼ੀ ਦਾ ਸਾਹਮਣਾ ਕਰਨ ਦੀ ਸੰਭਾਵਨਾ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਅਜਿਹੇ ਸਮਾਗਮਾਂ ਨੂੰ ਮਨਾਉਣ ਸਮੇਂ ਸਮੁੱਚਾ ਸਿੱਖ ਭਾਈਚਾਰਾ ਇਕਜੁੱਟ ਹੁੰਦਾ ਸੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਿੱਛੇ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਤੋੜਨ ਨਾਲ ਸਿੱਖ ਭਾਈਚਾਰੇ ਨੂੰ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਸਤਾਵ ਨਾਲ ਸੰਗਤ ਵਿਚ ਮੁੱਖ ਸਮਾਗਮਾਂ ਨੂੰ ਪਈ ਉਲਝਣ ਵਾਲੀ ਸਥਿਤੀ ਵੀ ਦੂਰ ਹੋਵੇਗੀ ਅਤੇ ਇਸ ਨਾਲ ਸਿੱਖ ਭਾਈਚਾਰੇ ਵਿਚ ਆਪਸੀ ਏਕਤਾ ਦਾ ਸਕਰਾਤਮਕ ਸੁਨੇਹਾ ਵੀ ਜਾਵੇਗਾ।
Sukhjinder Randhawa
ਬੁਲਾਰੇ ਨੇ ਦਸਿਆ ਕਿ ਭਾਈ ਲੌਂਗੋਵਾਲ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਇਸ ਪ੍ਰਸਤਾਵ ਉਤੇ ਗ਼ੌਰ ਕਰੇਗੀ ਅਤੇ ਜਲਦੀ ਹੀ ਇਸ ਦਾ ਜਵਾਬ ਦੇਵੇਗੀ। ਮੀਟਿੰਗ ਵਿਚ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਹਾਜ਼ਰ ਸਨ।