
ਸੁਖਦੇਵ ਸਿੰਘ ਨੇ ਸ਼ੰਭੂ ਮੋਰਚੇ 'ਤੇ ਕਿਸਾਨਾਂ ਨੂੰ ਕੀਤਾ ਜਾਗਰੂਕ
ਸ਼ੰਭੂ: ਪੂਰੇ ਦੇਸ਼ ਦੀਆਂ ਨਜ਼ਰਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਨਾਲ ਪੰਜਾਬ ਦੇ ਹੋਰ ਹੱਕਾਂ ਲਈ ਲਗਾਏ ਗਏ ਸ਼ੰਭੂ ਮੋਰਚੇ 'ਤੇ ਟਿਕੀਆਂ ਹੋਈਆਂ ਹਨ। ਸ਼ੰਭੂ ਮੋਰਚੇ ਦੇ ਮਕਸਦ ਬਾਰੇ ਗੱਲ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਸ਼ੰਭੂ ਮੋਰਚੇ ਦਾ ਮਕਸਦ ਬੱਚੇ ਬੱਚੇ ਨੂੰ ਅਪਣੇ ਹੱਕਾਂ ਪ੍ਰਤੀ ਜਾਗਰੂਕ ਕਰਵਾਉਣਾ ਹੈ ਕਿਉਂਕਿ ਅਸੀਂ ਇੱਥੋਂ ਕੌਮੀ ਚੇਤੰਨਤਾ ਪੈਦਾ ਕਰਨਾ ਚਾਹੁੰਦੇ ਹਾਂ ਨਾ ਕਿ ਸਿਰਫ਼ ਐਮਐਸਪੀ ਦੀ ਲੜਾਈ।
Sukhdev Singh
ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਇਸ ਦੇ ਮੁੱਦਿਆਂ ਪ੍ਰਤੀ ਵਿਅਕਤੀ ਦੀ ਸਮਝ ਉਦੋਂ ਤੱਕ ਅਧੂਰੀ ਹੈ, ਜਦੋਂ ਤੱਕ ਉਸ ਨੂੰ ਉਸ ਸਮੱਸਿਆ ਦਾ ਪਿਛੋਕੜ ਅਤੇ ਪਿਛੋਕੜ ਵਿਚ ਹੋਏ ਸੰਘਰਸ਼ਾਂ ਦੇ ਨਤੀਜਿਆਂ ਦਾ ਨਹੀਂ ਪਤਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਜੋ ਵੀ ਸੰਘਰਸ਼ ਕੀਤਾ, ਚਾਹੇ ਉਹ ਪੰਜਾਬੀ ਸੂਬੇ ਮੋਰਚੇ ਦਾ ਸੀ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਸੰਘਰਸ਼ ਹੋਵੇ, ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦਾ ਸੰਘਰਸ਼ ਹੋਵੇ। ਜਦੋਂ ਵੀ ਇਹਨਾਂ ਸੰਘਰਸ਼ਾਂ ਦੇ ਨਤੀਜਿਆਂ ਦੀ ਪੜਚੋਲ ਕੀਤੀ ਜਾਵੇ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਦਿੱਲੀ ਦਾ ਪੰਜਾਬ ਨਾਲ ਕਿਹੋ ਜਿਹਾ ਵਰਤਾਅ ਰਿਹਾ ਹੈ।
Punjab
ਸੁਖਦੇਵ ਸਿੰਘ ਨੇ ਕਿਹਾ ਕਿ ਦਿੱਲੀ ਨੂੰ ਸਾਡੇ ਵਿਵਹਾਰ ਦੀ ਪੂਰੀ ਸਮਝ ਹੈ, ਉਸ ਨੂੰ ਪਤਾ ਹੈ ਕਿ ਪੰਜਾਬੀ ਕਦੋਂ ਸੰਘਰਸ਼ ਕਰ ਸਕਦੇ ਨੇ ਤੇ ਕਿਸ ਪੱਧਰ ਤੱਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਸੰਘਰਸ਼ ਨੂੰ ਫੇਲ੍ਹ ਕਿਵੇਂ ਕਰਨਾ ਹੈ, ਇਸ ਸਬੰਧੀ ਵੀ ਦਿੱਲੀ ਨੂੰ ਚੰਗੀ ਤਰ੍ਹਾਂ ਸਮਝ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਸਰਕਾਰਾਂ ਕੌਮਾਂ 'ਤੇ ਤਿੰਨ ਤਰ੍ਹਾਂ ਦੇ ਹਮਲੇ ਕਰਦੀਆਂ ਹਨ।
PM Modi
ਉਹਨਾਂ ਦੱਸਿਆ ਕਿ ਹਰ ਵਾਰ ਦਿੱਲੀ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਮੁੱਖ ਚਿਹਰਾ ਬਦਲ ਜਾਂਦਾ ਹੈ ਪਰ ਵਰਤਾਅ ਉਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਵਿਚ ਉਹ ਲੋਕ ਵੀ ਹੁੰਦੇ ਹਨ, ਜੋ ਸਰਕਾਰ ਲਈ ਸਿਸਟਮ 'ਚ ਰਹਿ ਕੇ ਕੰਮ ਕਰਦੇ ਨੇ, ਚਾਹੇ ਉਹ ਬਿਉਰੋਕਰੇਟ ਹੋਵੇ, ਚਾਹੇ ਮੀਡੀਆ ਜਾਂ ਕਲਾਕਾਰ ਜਾਂ ਫਿਰ ਕੋਈ ਹੋਰ ਸੈਕਸ਼ਨ।
Sukhdev Singh
ਸੁਖਦੇਵ ਸਿੰਘ ਨੇ ਦੱਸਿਆ ਕਿ ਇਹਨਾਂ ਹਮਲਿਆਂ ਦਾ ਤੀਜਾ ਸੈਕਸ਼ਨ ਸਭ ਤੋਂ ਖਤਰਨਾਕ ਹੁੰਦਾ ਹੈ, ਜਿਸ ਕਾਰਨ ਪੰਜਾਬ ਹਮੇਸ਼ਾਂ ਕੇਂਦਰ ਤੋਂ ਹਾਰ ਜਾਂਦਾ ਹੈ, ਇਹ ਉਹ ਸੈਕਸ਼ਨ ਹੈ, ਜੋ ਸਾਡੇ ਵਿਚਕਾਰ ਰਹਿ ਕੇ ਉਹਨਾਂ ਲਈ ਕੰਮ ਕਰਦਾ ਹੈ। ਇਹ ਸੈਕਸ਼ਨ ਗੱਦਾਰਾਂ ਵਾਲਾ ਸੈਕਸ਼ਨ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਦਿੱਲੀ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਦੇ ਵਿਰੋਧ ਵਿਚ ਉੱਠਣ ਵਾਲੀ ਬਗਾਵਤ ਅਸਿੱਧੇ ਰੂਪ ਵਿਚ ਉਸ ਦੇ ਹੱਥਾਂ ਵਿਚ ਹੀ ਰਹੇ।
Shambhu morcha
ਉਹਨਾਂ ਦੱਸਿਆ ਕਿ ਜਦੋਂ ਸੰਭੂ ਮੋਰਚਾ ਸ਼ੁਰੂ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਲੋਕਾਂ ਦੇ ਕਈ ਸਵਾਲ ਸੀ ਕਿ ਇਸ ਵਿਚੋਂ ਕੀ ਖੱਟਿਆ ਜਾਵੇਗਾ। ਇਸ ਦੌਰਾਨ ਇਕ ਗੱਲ 'ਤੇ ਸਹਿਮਤੀ ਬਣੀ ਕੇ ਘੱਟੋ ਘੱਟ ਇਕ ਸੰਘਰਸ਼ ਅਜਿਹਾ ਹੋਵੇ ਜਿਸ ਵਿਚੋਂ ਅਸੀਂ ਚੇਤੰਨਤਾ ਪੈਦਾ ਕਰ ਸਕੀਏ। ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਬੱਚੇ-ਬੱਚੇ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਸ ਨੂੰ ਗੁਲਾਮ ਬਣਾਉਣ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਸਵੈ-ਮਾਣ ਦੀ ਲੜਾਈ ਹੈ ਤੇ ਸਵੈ-ਮਾਣ ਦੀ ਲੜਾਈ ਹਮੇਸ਼ਾਂ ਕੁਰਬਾਨੀ 'ਤੇ ਖੜ੍ਹੀ ਹੁੰਦੀ ਹੈ।