
Punjab News : ਚੱਬੇਵਾਲ ਤੇ ਡੇਰਾ ਬਾਬਾ ਨਾਨਕ ਜਾਣਗੇ, ਵਲੰਟੀਅਰਾਂ ਨਾਲ ਕਰਨਗੇ ਮੀਟਿੰਗ
Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ 'ਆਪ' ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਮੁੱਖ ਮੰਤਰੀ ਮਾਨ ਨੇ ਆਪਣੇ ਪ੍ਰਚਾਰ ਨੂੰ ਸ਼ੁਰੂ ਕਰਦਿਆਂ ਹੀ ਮਹਿਲਾਵਾਂ ਨੂੰ 1100 ਰੁਪਏ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮੇਰਾ ਅਗਲਾ ਮਿਸ਼ਨ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਮਾਵਾਂ-ਭੈਣਾਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਆਉਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਚੁਲ੍ਹਿਆਂ ਦੀ ਫਿਕਰ, ਨੌਜਵਾਨਾਂ ਦੀ ਫਿਕਰ, ਬਿਜਲੀ, ਦਵਾਈ ਅਤੇ ਇਲਾਜ ਦੀ ਫਿਕਰ ਕਰਨ ਵਾਲੀ ਇਹੀ ਸਰਕਾਰ ਹੈ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਤੁਹਾਡੇ ਬੱਚਿਆਂ ਬਾਰੇ ਹੀ ਸੋਚ ਰਹੀ ਹੈ। ਪੰਜਾਬ ਵਾਸੀਆਂ ਨੂੰ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ NOC ਦਾ ਮੁੱਦਾ ਬਹੁਤ ਉੱਠਾਇਆ ਗਿਆ ਸੀ, ਜੋ ਹੁਣ ਕਾਨੂੰਨ ਬਣ ਗਿਆ ਹੈ, ਹੁਣ ਲੋਕ ਜਿਵੇਂ ਕੰਮ ਕਰਵਾਉਣਾ ਚਾਹੁੰਦੇ ਸੀ ਉਵੇਂ ਹੀ ਕੰਮ ਹੋਣਗੇ। ਇਸ ਦੌਰਾਨ ਉਨ੍ਹਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ 'ਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਸੀ। ਰੋਜ਼ਾਨਾਂ 14 ਤੋਂ 15 ਕੇਸ ਮੌਤ ਦੇ ਹੀ ਆਉਦੇ ਸੀ ਪਰ ਸੜਕ ਸੁਰੱਖਿਆ ਫੋਰਸ ਨਾਲ ਸੜਕੀ ਹਾਦਸੇ ਘੱਟ ਗਏ ਅਤੇ 6 ਮਹੀਨਿਆਂ 'ਚ ਮੌਤਾਂ 'ਚ 45 ਫੀਸਦੀ ਕਮੀ ਆਈ ਹੈ।
ਮੁੱਖ ਮੰਤਰੀ ਨੇ ਬਿਜਲੀ 'ਤੇ ਬੋਲਦਿਆਂ ਆਖਿਆ ਕਿ ਪੰਜਾਬ ਦੇ ਸਾਰੇ ਲੋਕਾਂ ਲਈ 300 ਯੂਨਿਟ ਬਿਜਲੀ ਮੁਆਫ਼ ਕੀਤੀ ਗਈ ਹੈ ਅਤੇ ਹੁਣ ਗੋਇੰਦਵਾਲ ਸਾਹਿਬ 'ਚ ਆਪਣਾ ਥਰਮਲ ਪਲਾਂਟ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਖੋਲ੍ਹੇ ਹਨ, ਜਿਸ 'ਚ ਲੋਕ ਕਾਫ਼ੀ ਸਹੂਲਤਾਂ ਲੈ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਦਾ ਕੰਮ ਹੀ ਲੋਕਾਂ ਦੇ ਕੰਮ ਕਰਵਾਉਣਾ ਹੈ।
ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲ ਲਈ ਹੈ। ਅੱਜ (ਐਤਵਾਰ) ਮੁੱਖ ਮੰਤਰੀ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਉਥੇ ਉਹ ‘ਆਪ’ ਵਰਕਰਾਂ ਨਾਲ ਮੁਲਾਕਾਤ ਕਰਕੇ ਰਣਨੀਤੀ ਤਿਆਰ ਕਰਨਗੇ। ਇਸ ਤੋਂ ਪਹਿਲਾਂ ਸੀਐੱਮ ਸ਼ਨੀਵਾਰ ਨੂੰ ਦਿੱਲੀ 'ਚ ਸਨ।
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਸੀ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਮੁੱਖ ਮੰਤਰੀ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਦੇ ਪਿੰਡ ਮੇਹਟੀਆਣਾ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕਲਾਨੌਰ ਦਾ ਦੌਰਾ ਕਰਨਗੇ। ਚਾਰੇ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ।
(For more news apart from Chief Minister Bhagwant Mann reached Chabewal, surrounded the Akali Dal News in Punjabi, stay tuned to Rozana Spokesman)