ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ, ਹੋਰ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਕੀਤੀ ਅਪੀਲ
Jaswinder Singh of Manawan village made his 15 acres of straw bales: ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀਆਂ ਆਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਪਰਾਲੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਟੀਮਾਂ ਦਿਨ ਰਾਤ ਫ਼ੀਲਡ ਵਿਚ ਕੰਮ ਕਰ ਰਹੀਆਂ ਹਨ। ਮੋਗਾ ਵਿਚ ਬਹੁ ਗਿਣਤੀ ਵਿਚ ਕਿਸਾਨ ਹਨ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਖੇਤੀਬਾੜੀ ਵਿਭਾਗ ਦੀ ਦੇਖ ਰੇਖ ਅਤੇ ਸਹਾਇਤਾ ਨਾਲ ਕਰਨਾ ਉਚਿਤ ਸਮਝਿਆ।
ਇਨ੍ਹਾਂ ਕਿਸਾਨਾਂ ਦੀ ਲਿਸਟ ਵਿਚ ਇਕ ਨਾਮ ਮਨਾਵਾਂ ਪਿੰਡ ਦੇ ਜਸਵਿੰਦਰ ਦਾ ਵੀ ਆਉਂਦਾ ਹੈ ਉਸਨੇ ਅਪਣੀ 15 ਏਕੜ ਦੀ ਝੋਨੇ ਦੀ ਫ਼ਸਲ ਤੋਂ ਬਾਅਦ ਪਰਾਲੀ ਦੀਆਂ ਗਠਾਂ ਬਣਵਾਈਆਂ। ਕਿਸਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਉਸ ਨੂੰ ਪਰਾਲੀ ਦੇ ਪ੍ਰਬੰਧਨ ਵਿਚ ਕੋਈ ਵੀ ਦਿੱਕਤ ਨਹੀਂ ਆਈ ਕਿਉਂਕਿ ਖੇਤੀਬਾੜੀ ਸੰਦ ਵਿਭਾਗ ਨੇ ਮੁਹਈਆ ਕਰਵਾ ਦਿਤੇ ਸਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਸਾਨ ਜਸਵਿੰਦਰ ਸਿੰਘ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਹੁਣ ਪਰਾਲੀ ਨੂੰ ਅੱਗ ਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਨਾੜ ਨੂੰ ਅੱਗ ਲਗਾਏ ਜਾਣ ਦੀ ਸੂਰਤ ਵਿਚ ਕਾਰਵਾਈ ਕਰਨ ਲਈ ਜ਼ਿਲ੍ਹਾ ਮੋਗਾ ਵਿਚ 334 ਨੋਡਲ ਅਫ਼ਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸ਼ੁਧਤਾ ਬਰਕਰਾਰ ਰੱਖਣ ਲਈੇ ਕਣਕ ਦੇ ਨਾੜ/ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਨੂੰ ਯਕੀਨੀ ਬਣਾਉਣ।