“ਮਾਨ ਸਰਕਾਰ ਦੇ ਤਿੰਨ ਸਾਲ: ਨਾ ਰਾਹਤ, ਨਾ ਵਿਕਾਸ, ਸਿਰਫ਼ ਪ੍ਰਚਾਰ ਤੇ ਪਰਿਵਾਰਵਾਦ”
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਸਦੇ ਮੁੱਖਮੰਤਰੀ ਭਗਵੰਤ ਮਾਨ ਤਰਨਤਾਰਨ ਦੀ ਜਿਮਣੀ ਚੋਣ ਚ ਝੂਠੇ ਦਾਅਵੇ ਕਰਕੇ ਇੱਕ ਬਾਰ ਫੇਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪੰਜਾਬੀਆਂ ਨਾਲ ਨਾਲ ਧੋਖਾ ਕਰ ਰਹੀ ਹਨ। ਇਹ ਦੋਸ਼ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਜਾਰੀ ਬਿਆਨ ਰਾਹੀਂ ਲਗਾਇਆ। ਉਨ੍ਹਾਂ ਕਿਹਾ ਕਿ ਗੱਲਾਂ ਕਰਨ ਨਾਲ ਕੁਝ ਨਹੀਂ ਹੁੰਦਾ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਤਿਆਗ ਦਿੱਤੀ ਹੈ।
ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੀ ਹਰ ਔਰਤ ਲਈ 1000 ਰੁਪਏ ਪ੍ਰਤੀ ਮਹੀਨਾ, ਰੋਜ਼ਗਾਰ ਦੇ ਵਾਅਦੇ, ਤੇ ਸਕੂਲਾਂ ਤੇ ਹਸਪਤਾਲਾਂ ਦੇ ਮਿਆਰ ਸੁਧਾਰਨ ਦੇ ਵਾਅਦੇ ਕੀਤੇ ਸਨ। ਪਰ ਤਿੰਨ ਸਾਲਾਂ ਬਾਅਦ ਵੀ ਲੋਕਾਂ ਨੂੰ ਨਾ ਤਾਂ ਰਾਹਤ ਮਿਲੀ ਹੈ ਤੇ ਨਾ ਹੀ ਵਿਕਾਸ ਦਿਖਾਈ ਦੇ ਰਿਹਾ ਹੈ। ਬਿਜਲੀ ਦੇ ਬਿੱਲ ਵਧ ਗਏ ਹਨ, ਰੋਜ਼ਗਾਰ ਦੀ ਥਾਂ ਬੇਰੋਜ਼ਗਾਰੀ ਵਧ ਰਹੀ ਹੈ, ਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਹੋਰ ਮਾੜੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਹਰ ਮੋੜ 'ਤੇ ਨਾਕਾਮ ਸਾਬਤ ਹੋਈ ਹੈ ਕਿਸਾਨਾਂ ਨੂੰ ਨਾਂ ਤਾਂ ਪੂਰਾ ਮੁਆਵਜਾ ਮਿਲ ਰਿਹਾ ਹੈ, ਤੇ ਨਾ ਹੀ ਫ਼ਸਲ ਦੀ ਵਾਜਬ ਕੀਮਤ, ਉੱਪਰੋਂ ਨਸ਼ਾ ਮੁਕਤੀ ਤੇ ਕਾਨੂੰਨ-ਵਿਵਸਥਾ ਦੇ ਦਾਅਵੇ ਵੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਹਰ ਰੋਜ਼ ਗੋਲੀਬਾਰੀ, ਲੁੱਟ ਤੇ ਕਤਲ ਦੀਆਂ ਘਟਨਾਵਾਂ ਸੂਬੇ ਦੀ ਹਕੀਕਤ ਬਿਆਨ ਕਰ ਰਹੀਆਂ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਬਿਆਨਾਂ ਵਿੱਚ ਪਰਿਵਾਰਵਾਦ ਖ਼ਿਲਾਫ਼ ਬੋਲਦੇ ਹਨ, ਪਰ ਆਪਣੇ ਤੇ ਕੇਜ਼ਰੀਵਾਲ ਪਰਿਵਾਰ ਦੇ ਦੋਹਰੇ ਮਿਆਰ ਲੋਕਾਂ ਤੋਂ ਨਹੀਂ ਲੁਕ ਸਕਦੇ। ਉਨ੍ਹਾਂ ਪੁੱਛਿਆ ਕਿ ਡਾ. ਗੁਰਪ੍ਰੀਤ ਕੌਰ, ਜੋ ਮੁੱਖ ਮੰਤਰੀ ਦੀ ਪਤਨੀ ਹਨ, ਅਤੇ ਸੁਨੀਤਾ ਕੇਜ਼ਰੀਵਾਲ, ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਪਤਨੀ ਹਨ, ਕਿਸ ਅਧਿਕਾਰ ਜਾਂ ਪਦ ਨਾਲ ਚੋਣੀ ਮੰਚਾਂ ਤੋਂ ਪ੍ਰਚਾਰ ਕਰ ਰਹੀਆਂ ਹਨ? ਨਾ ਉਹ ਸਰਕਾਰ ਦਾ ਹਿੱਸਾ ਹਨ, ਨਾ ਪਾਰਟੀ ਦਾ ਅਧਿਕਾਰਤ ਅਹੁਦਾ ਰੱਖਦੀਆਂ ਹਨ, ਫਿਰ ਉਹ ਸਰਕਾਰੀ ਪ੍ਰੋਗਰਾਮਾਂ ਤੇ ਪਾਰਟੀ ਰੈਲੀਆਂ 'ਚ ਕਿਵੇਂ ਸ਼ਾਮਲ ਹੋ ਰਹੀਆਂ ਹਨ? ਇਹ ਪਰਿਵਾਰਵਾਦ ਦੀ ਖੁੱਲ੍ਹੀ ਮਿਸਾਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਜਲੰਧਰ ਜਿਮਣੀ ਚੋਣ ਦੇ ਦੋਰਾਨ ਐਲਾਨ ਕੀਤਾ ਸੀ ਕਿ ਉਹ ਜਲੰਧਰ ਵਿਚ ਕੋਠੀ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰਨਗੇ, ਪਰ ਉਹ ਵਾਅਦਾ ਵੀ ਕਦੇ ਪੂਰਾ ਨਹੀਂ ਹੋਇਆ। ਜਲੰਧਰ ਦੀ ਕੋਠੀ ਹੁਣ ਰਾਜਨੀਤਿਕ ਮੀਟਿੰਗਾਂ ਦਾ ਕੇਂਦਰ ਬਣ ਗਈ ਹੈ, ਪਰ ਆਮ ਜਨਤਾ ਦੀ ਆਵਾਜ਼ ਉੱਥੇ ਨਹੀਂ ਪਹੁੰਚਦੀ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਖ਼ਤਰਨਾਕ ਮੋੜ 'ਤੇ ਖੜੀ ਹੈ। ਸੂਬੇ ਦਾ ਖ਼ਜ਼ਾਨਾ ਖਾਲੀ ਹੋ ਚੁੱਕਾ ਹੈ ਤੇ ਸਰਕਾਰ ਸਿਰਫ਼ ਕੇਂਦਰ ਤੇ ਦੋਸ਼ ਮੜ੍ਹ ਕੇ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ। ਵਿਕਾਸ ਕਾਰਜ ਰੁਕ ਗਏ ਹਨ, ਉਦਯੋਗ ਭੱਜ ਰਹੇ ਹਨ, ਤੇ ਨੌਜਵਾਨ ਪਰਦੇਸ ਜਾਣ ਲਈ ਮਜਬੂਰ ਹਨ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੀ ਏਜੰਡੇ ਤੋਂ ਹਟ ਗਈ ਹੈ ਤੇ ਹੁਣ ਸਿਰਫ਼ ਪਾਰਟੀ ਦੇ ਵਿਸਤਾਰ ਤੇ ਸਿਆਸੀ ਪ੍ਰਚਾਰ 'ਚ ਲੱਗੀ ਹੈ। ਲੋਕਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।
ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੱਚਾਈ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਜਿਮਨੀ ਚੋਣ 'ਚ ਲੋਕ ਇਸ ਝੂਠੀ ਤੇ ਅਯੋਗ ਸਰਕਾਰ ਨੂੰ ਤਕੜਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕੋ ਐਸੀ ਤਾਕਤ ਹੈ ਜੋ ਸੂਬੇ ਦੀ ਆਰਥਿਕ ਹਾਲਤ ਸੰਭਾਲ ਸਕਦੀ ਹੈ, ਉਦਯੋਗਾਂ ਨੂੰ ਵਾਪਸ ਲਿਆ ਸਕਦੀ ਹੈ ਤੇ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦੀ ਹੈ। ਜਿਸ ਦੇ ਚੱਲਦਿਆਂ ਤਰਨ ਤਾਰਨ ਇਲਾਕੇ ਦੇ ਲੋਕ ਇਸ ਵਾਰ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਫ਼ਤਵਾ ਦੇ ਕੇ ਆਪ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬੈਠੇ ਹਨ।
ਉਨ੍ਹਾਂ ਆਖ਼ਰ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਮਾਨਦਾਰੀ, ਸਾਫ਼ ਸ਼ਾਸਨ ਤੇ ਵਿਕਾਸ ਦੀ ਆਸ 'ਚ ਚੁਣਿਆ ਸੀ, ਪਰ ਮਿਲਿਆ ਉਲਟ — ਝੂਠੇ ਵਾਅਦੇ, ਭਰਮ ਤੇ ਘੋਰ ਨਿਰਾਸ਼ਾ। ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਇਸ ਜਿਮਨੀ ਚੋਣ ਦੌਰਾਨ ਸਰਕਾਰ ਨੂੰ ਉਸ ਦੀ ਨਾਕਾਮੀ ਲਈ ਜਵਾਬਦੇਹ ਬਣਾਉਣ।
