'ਜੋ ਕਿਹਾ ਸੋ ਕੀਤਾ': ਮਾਨ ਸਰਕਾਰ ਵੱਲੋਂ 5 ਲੱਖ ਏਕੜ ਲਈ ₹74 ਕਰੋੜ ਦੇ 2 ਲੱਖ ਕੁਇੰਟਲ ਬੀਜ ਦੇਣਾ ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ ਬਣਾਏਗਾ ਯਕੀਨੀ'
ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਇਹ ਚੋਣ ਰਵਾਇਤੀ ਸਿਆਸਤ ਅਤੇ 'ਆਮ ਆਦਮੀ' ਦੀ ਸਰਕਾਰ ਦੇ ਕੰਮਾਂ ਵਿਚਾਲੇ ਫੈਸਲਾ ਕਰੇਗੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਗਏ ਇਤਿਹਾਸਕ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਰਨਤਾਰਨ ਦੇ ਲੋਕ ਹੁਣ ਸਿਰਫ਼ ਵਾਅਦੇ ਨਹੀਂ, ਸਗੋਂ ਜ਼ਮੀਨ 'ਤੇ ਹੋਇਆ ਅਸਲ ਕੰਮ ਦੇਖ ਕੇ ਵੋਟ ਪਾਉਣਗੇ। ਸੰਧੂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਸਿਰਫ਼ 30 ਦਿਨਾਂ ਦੇ ਅੰਦਰ ਪੀੜਤਾਂ ਦੇ ਖਾਤਿਆਂ ਵਿੱਚ ਰਾਹਤ ਰਾਸ਼ੀ ਪਹੁੰਚਾ ਕੇ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ।
'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਦੇ ਗਲਿਆਰਿਆਂ ਵਿੱਚੋਂ ਨਿਕਲ ਕੇ ਸਿੱਧਾ ਖੇਤਾਂ, ਮੰਡੀਆਂ ਅਤੇ ਪਿੰਡਾਂ ਵਿੱਚ ਆ ਕੇ ਲੋਕਾਂ ਦਾ ਹੱਥ ਫੜਿਆ ਹੈ। ਇਹ ਸਿਰਫ਼ ਸਿਆਸੀ ਪ੍ਰਦਰਸ਼ਨ ਨਹੀਂ, ਸਗੋਂ ਇੱਕ ਨਵੀਂ ਸ਼ਾਸਨ ਸ਼ੈਲੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਮਰ ਤੋੜੀ, ਤਾਂ ਮਾਨ ਸਰਕਾਰ ਨੇ ਇੱਕ ਹੋਰ ਵਾਅਦਾ ਪੂਰਾ ਕਰਦਿਆਂ, ਹਾਲ ਹੀ ਵਿੱਚ ਨੁਕਸਾਨੀ ਗਈ ਲਗਭਗ ਪੰਜ ਲੱਖ ਏਕੜ ਜ਼ਮੀਨ ਲਈ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦਾ ਬੀਜ ਮੁਫ਼ਤ ਮੁਹੱਈਆ ਕਰਵਾਉਣ ਦਾ ਇਤਿਹਾਸਕ ਫੈਸਲਾ ਲਿਆ।
ਸੰਧੂ ਨੇ ਦੱਸਿਆ ਕਿ ਇਸ ਕੰਮ ਲਈ 74 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਨੇ ਖੁਦ ਸੱਤ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤਾਂ ਜੋ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਸੂਬੇ ਦੇ ਅੰਨਦਾਤਾ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਇਸ ਮੁਸ਼ਕਲ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਹਰਮੀਤ ਸਿੰਘ ਸੰਧੂ ਨੇ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਇਹ ਨੁਕਸਾਨ ਅਸਹਿ ਸੀ, ਪਰ ਸਰਕਾਰ ਨੇ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਕਾਰਨ 2,300 ਤੋਂ ਵੱਧ ਪਿੰਡ ਡੁੱਬ ਗਏ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ ਪੰਜ ਲੱਖ ਏਕੜ ਜ਼ਮੀਨ ਵਿੱਚ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਇਸ ਦੌਰਾਨ 56 ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਲਗਭਗ ਸੱਤ ਲੱਖ ਲੋਕ ਬੇਘਰ ਹੋ ਗਏ।
ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ, ਜਿਸ ਵਿੱਚ 3,200 ਸਰਕਾਰੀ ਸਕੂਲ ਨੁਕਸਾਨੇ ਗਏ, 19 ਕਾਲਜ ਮਲਬੇ ਵਿੱਚ ਬਦਲ ਗਏ, 1,400 ਕਲੀਨਿਕ ਅਤੇ ਹਸਪਤਾਲ ਬਰਬਾਦ ਹੋ ਗਏ, 8,500 ਕਿਲੋਮੀਟਰ ਸੜਕਾਂ ਟੁੱਟ ਗਈਆਂ ਅਤੇ 2,500 ਪੁਲ ਢਹਿ ਗਏ। ਸੰਧੂ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਹ ਨੁਕਸਾਨ ਲਗਭਗ 13,800 ਕਰੋੜ ਰੁਪਏ ਦਾ ਸੀ, ਪਰ ਮਾਨ ਸਰਕਾਰ ਨੇ ਪੀੜਤਾਂ ਨੂੰ ਤੁਰੰਤ ਰਾਹਤ ਦੇਣ 'ਤੇ ਧਿਆਨ ਕੇਂਦਰਿਤ ਕੀਤਾ।
'ਆਪ' ਉਮੀਦਵਾਰ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਦੀ ਨੀਅਤ ਸਾਫ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ਼ ਮੁਆਵਜ਼ਾ ਨਹੀਂ ਵੰਡਿਆ, ਸਗੋਂ ਹਰ ਵਰਗ ਦਾ ਖਿਆਲ ਰੱਖਿਆ। ਰਾਹਤ ਦਾ ਦਾਇਰਾ ਸਿਰਫ਼ ਵੱਡੇ ਕਿਸਾਨਾਂ ਤੱਕ ਨਹੀਂ, ਸਗੋਂ ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਗਰੀਬ ਤਬਕੇ ਤੱਕ ਵਧਾਇਆ ਗਿਆ। ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ 'ਤੇ ਜੰਮੀ ਰੇਤ ਅਤੇ ਸਿਲਟ ਨੂੰ 15 ਨਵੰਬਰ ਤੱਕ ਬਿਨਾਂ ਕਿਸੇ ਸਰਕਾਰੀ NOC ਦੇ ਵੇਚਣ ਦੀ ਖੁੱਲ੍ਹ ਦਿੱਤੀ ਗਈ ਤਾਂ ਜੋ ਉਹ ਆਰਥਿਕ ਤੌਰ 'ਤੇ ਮੁੜ ਖੜ੍ਹੇ ਹੋ ਸਕਣ।
ਸੰਧੂ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਐਲਾਨਾਂ 'ਤੇ ਨਹੀਂ ਰੁਕੀ ਐਸਡੀਆਰਐਫ ਮੁਆਵਜ਼ਾ ਵਧਾ ਕੇ 40,000 ਰੁਪਏ ਕੀਤਾ ਗਿਆ, ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਰਾਹਤ ਦਿੱਤੀ ਗਈ, ਅਤੇ ਕਿਸਾਨਾਂ ਨੂੰ ਛੇ ਮਹੀਨਿਆਂ ਤੱਕ ਕੋਈ ਕਿਸ਼ਤ ਜਾਂ ਵਿਆਜ ਨਾ ਦੇਣ ਦੀ ਵੱਡੀ ਵਿੱਤੀ ਰਾਹਤ ਦਿੱਤੀ ਗਈ, ਜੋ ਪਿਛਲੀ ਕਿਸੇ ਸਰਕਾਰ ਨੇ ਨਹੀਂ ਦਿੱਤੀ।
ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਆਏ ਇਸ ਸਿਆਸੀ ਬਦਲਾਅ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਰਾਹਤ ਕਾਰਜ ਕਾਗਜ਼ਾਂ 'ਤੇ ਨਹੀਂ, ਬਲਕਿ ਹਰ ਪੀੜਤ ਦੇ ਜੀਵਨ ਵਿੱਚ ਦਿਖਾਈ ਦੇ ਰਹੇ ਹਨ। ਇਹ 'ਜੋ ਕਿਹਾ ਸੋ ਕੀਤਾ' ਵਾਲੀ ਰਾਜਨੀਤੀ ਦਾ ਜੀਵੰਤ ਉਦਾਹਰਣ ਹੈ। ਤੁਹਾਡੀ ਵੋਟ ਇਹ ਯਕੀਨੀ ਬਣਾਏਗੀ ਕਿ ਤਰਨਤਾਰਨ ਵੀ ਇਸੇ ਤੇਜ਼ ਰਫ਼ਤਾਰ ਵਿਕਾਸ ਦਾ ਹਿੱਸਾ ਬਣੇ।
